ਨਵੀਂ ਦਿੱਲੀ: ਹਰਿਆਣਾ ਦੇ ਗੁਰੂਗ੍ਰਾਮ 'ਚ ਮੁਸਲਿਮ ਨੌਜਵਾਨ ਦੀ ਜ਼ਬਰਦਸਤੀ ਦਾੜੀ ਕੱਟੇ ਜਾਣ ਦੀ ਘਟਨਾ 'ਤੇ ਪ੍ਰਤੀਕਰਮ ਦਿੰਦਿਆਂ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ ਦੇ ਪ੍ਰਧਾਨ ਅਸਦਉੱਦੀਨ ਓਵੈਸੀ ਨੇ ਕਿਹਾ ਕਿ ਕੋਈ ਗਲਾ ਵੀ ਕੱਟ ਦੇਵੇ ਤਾਂ ਵੀ ਅਸੀਂ ਮੁਸਲਿਮ ਹੀ ਰਹਾਂਗੇ। ਉਵੇਸੀ ਨੇ ਇਸ ਦੌਰਾਨ ਮੋਦੀ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ


ਓਵੈਸੀ ਨੇ ਦਾੜੀ ਕੱਟਣ ਵਾਲਿਆਂ ਨੂੰ ਚੇਤਵਾਨੀ ਦਿੰਦਿਆਂ ਕਿਹਾ ਕਿ ਅਸੀਂ ਤਹਾਨੂੰ ਇਸਲਾਮ 'ਚ ਸ਼ਾਮਿਲ ਕਰਾਂਗੇ ਤੇ ਦਾੜੀ ਵੀ ਰਖਵਾਵਾਂਗੇ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਓਵੈਸੀ ਨੇ ਇਸ ਘਟਨਾ ਨੂੰ ਅਂਜ਼ਾਮ ਦੇਣ ਵਾਲੇ ਨੌਜਵਾਨਾਂ ਤੇ ਉਨ੍ਹਾਂ ਦੇ ਪਿਤਾ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਕਹੀਆਂ ਹਨ।





ਜ਼ਿਕਰਯੋਗ ਹੈ ਕਿ ਬੀਤੀ 31 ਜੁਲਾਈ ਨੂੰ ਕੁਝ ਨੌਜਵਾਨਾਂ ਨੇ ਮੁਸਲਿਮ ਨੌਜਵਾਨ ਨੂੰ ਸੈਲੂਨ 'ਚ ਲਿਜਾ ਕੇ ਜ਼ਬਰਦਸਤੀ ਉਸਦੀ ਦਾੜੀ ਕਟਵਾ ਦਿੱਤੀ ਸੀ। ਪੀੜਤ ਨੌਜਵਾਨ ਜਫਰਉੱਦੀਨ ਨੇ ਦਾਅਵਾ ਕੀਤਾ ਸੀ ਕਿ ਉਸ ਨਾਲ ਬਦਸਲੂਕੀ ਕੀਤੀ ਗਈ ਹੈ। ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਕਿਹਾ ਕਿ ਸਾਡੇ ਸੰਵਿਧਾਨ 'ਚ ਧਾਰਮਿਕ ਸੁਤੰਤਰਤਾ ਮਿਲੀ ਹੋਈ ਹੈ ਤੇ ਅਸੀਂ ਮਜ਼ਹਬ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਝਾਰਖੰਡ 'ਚ ਅਲੀਮੁੱਦੀਨ ਨੂੰ ਭੀੜ ਨੇ ਮਾਰਿਆ ਤੇ ਮੋਦੀ ਕੈਬਨਿਟ ਦੇ ਮੰਤਰੀ ਜਯੰਤ ਸਿਨਹਾ ਨੇ ਉਸਦੇ ਦੋਸ਼ੀਆਂ ਦਾ ਸਵਾਗਤ ਕੀਤਾ। ਕੀ ਮੋਦੀ ਇਸ ਗੱਲ ਤੋਂ ਬੇਖ਼ਬਰ ਹਨ?


ਓਵੇਸੀ ਨੇ ਕਿਹਾ ਕਿ ਰਾਜਸਥਾਨ ਦੇ ਅਲਵਰ 'ਚ ਰਕਬਰ ਖਾਨ ਦੁੱਧ ਲਈ ਗਾਂ ਲਿਜਾ ਰਿਹਾ ਸੀ ਜਿਸ ਦੌਰਾਨ ਭੀੜ ਨੇ ਉਸਨੂੰ ਮਾਰਿਆ। ਇੱਥੋਂ ਤੱਕ ਕਿ ਪੁਲਿਸ ਦੀ ਗੱਡੀ 'ਚ ਵੀ ਉਸਨੂੰ ਮਾਰਿਆ ਗਿਆ ਤੇ ਉੱਥੋਂ ਦੇ ਬੀਜੇਪੀ ਵਿਧਾਇਕ ਨੇ ਇਸ ਘਟਨਾ ਨੂੰ ਸਹੀ ਠਹਿਰਾਇਆ।


ਉਨ੍ਹਾਂ ਕਿਹਾ ਕਿ ਗਾਂ ਦੇ ਨਾਂਅ 'ਤੇ ਸਾਨੂੰ ਮਾਰਿਆ ਜਾ ਰਿਹਾ ਹੈ। ਮੋਦੀ ਕਹਿੰਦੇ ਹਨ 'ਸਭਕਾ ਸਾਥ, ਸਭਕਾ ਵਿਕਾਸ' ਪਰ ਜਦੋਂ ਤੋਂ ਉਹ ਪ੍ਰਧਾਨ ਮੰਤਰੀ ਬਣੇ ਹਨ ਸਾਡੇ ਤੇ ਗਊ ਤਸਕਰੀ ਦੇ ਦੋਸ਼ ਲੱਗ ਰਹੇ ਹਨ। ਉਵੈਸੀ ਨੇ ਮੋਦੀ ਨੂੰ ਸਵਾਲ ਕਰਦਿਆਂ ਕਿਹਾ ਕਿ ਦੇਸ਼ 'ਚ ਗਾਵਾਂ ਕੀਮਤੀ ਹਨ ਜਾਂ ਮੁਸਲਮਾਨਾਂ ਦੀ ਜਾਨ ਕੀਮਤੀ ਹੈ।