ਚੰਡੀਗੜ੍ਹ: ਕੋਵਿਡ-19 ਦੀ ਦੂਜੀ ਲਹਿਰ ਵਿੱਚ, ਪੰਜਾਬ ਵਿੱਚ ਮਰੀਜ਼ਾਂ ਦੀ ਬੇਤਹਾਸ਼ਾ ਵਧੀ ਗਿਣਤੀ ਤੇ ਮੌਤਾਂ ਦੀ ਉੱਚ ਦਰ ‘ਤੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਸਾਲ ਹੋਈ ਤਾਲਾਬੰਦੀ ਤੋਂ ਸਬਕ ਨਾ ਲੈਣ ਤੇ ਸੂਬੇ 'ਚ ਇਸ ਵਾਰ ਪਹਿਲਾਂ ਢੁੱਕਵੇਂ ਪ੍ਰਬੰਧ ਨਾ ਕਰਨ 'ਤੇ ਅਮਰਿੰਦਰ ਸਰਕਾਰ ਦੀ ਅਸਫਲਤਾ ਤੇ ਨਾਲਾਇਕੀ ਜੱਗ ਜ਼ਾਹਰ ਹੋਈ ਹੈ।


ਉਨ੍ਹਾਂ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਆਪਣਾ ਫਰਜ਼ ਨਿਭਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਤੇ ਅਮਰਿੰਦਰ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਿੱਤੀ ਸਹਾਇਤਾ ਦੀ ਵਰਤੋਂ ਵਿਚ ਅਸਮਰਥਾ ਅਤੇ ਅਸੰਵੇਦਨਸ਼ੀਲਤਾ ਦਾ ਪ੍ਰਦਰਸ਼ਨ ਕੀਤਾ।


ਅਸ਼ਵਨੀ ਸ਼ਰਮਾ ਨੇ ਕਿਹਾ ਕੇਂਦਰ ਸਰਕਾਰ ਨੇ 201 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਭਰ ਵਿੱਚ ਸਥਾਪਤ ਕੀਤੇ ਜਾਣ ਵਾਲੇ 162 ਮੈਡੀਕਲ ਆਕਸੀਜਨ ਪਲਾਂਟ ਅਲਾਟ ਕੀਤੇ ਸਨ, ਜਿਨ੍ਹਾਂ ਵਿੱਚੋਂ ਤਿੰਨ ਆਕਸੀਜਨ ਪਲਾਂਟ ਪੰਜਾਬ ਨੂੰ ਅਲਾਟ ਕੀਤੇ ਗਏ ਸਨ, ਜਿਸ ਲਈ ਕੇਂਦਰ ਨੇ ਫੰਡ ਵੀ ਮੁਹੱਈਆ ਕਰਵਾਏ ਸਨ ਪਰ ਅਮਰਿੰਦਰ ਸਿੰਘ ਸਰਕਾਰ ਦੀ ਘੋਰ ਅਯੋਗਤਾ ਤੇ ਨਾਲਾਇਕੀ ਕਾਰਨ ਉਨ੍ਹਾਂ ਵਿੱਚੋਂ ਕੋਈ ਵੀ ਆਕਸੀਜਨ ਪਲਾਂਟ ਸਮੇਂ ਸਿਰ ਨਹੀਂ ਲੱਗ ਸਕਿਆ।


ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਲੋਕਾਂ ਨੂੰ ਦੱਸਣ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੀ ਗਈ ਪਹਿਲਕਦਮੀ ‘ਤੇ ਕਾਂਗਰਸ ਸਰਕਾਰ ਕਿਉਂ ਸੁੱਤੀ ਰਹੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕੋਰੋਨਾ ਮਹਾਂਮਾਰੀ ਵਿਰੁੱਧ ਲੜਨ ਲਈ 290 ਵੈਂਟੀਲੇਟਰ ਭੇਜੇ ਸਨ, ਜਿਨ੍ਹਾਂ ਵਿੱਚੋਂ 250 ਵੈਂਟੀਲੇਟਰ ਕੈਪਟਨ ਸਰਕਾਰ ਦੀ ਅਸਮਰੱਥਾ ਤੇ ਨਾਲਾਇਕੀ ਕਾਰਨ ਬੇਕਾਰ ਪਏ ਹਨ, ਕਿਉਂਕਿ ਸੂਬੇ ਦੀ ਕਾਂਗਰਸ ਸਰਕਾਰ ਉਸ ਸੰਬੰਧੀ ਢੁਕਵੇਂ ਪ੍ਰਬੰਧ ਨਹੀਂ ਕਰ ਸਕੀ।


ਸ਼ਰਮਾ ਨੇ ਕਿਹਾ ਕਿ ਇਹ ਅਮਰਿੰਦਰ ਸਰਕਾਰ ਦੀਆਂ ਦੋ ਅਪਰਾਧਿਕ ਗਲਤੀਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਨੁਕਸਾਨ ਤੇ ਘਾਟਾ ਸਹਿਣਾ ਪੈ ਰਿਹਾ ਹੈ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਰਾਜ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਸ਼ਰਮਾ ਨੇ ਆਉਣ ਵਾਲੇ ਦੋ ਮਹੀਨਿਆਂ ਮਈ ਤੇ ਜੂਨ ਵਿੱਚ ਪੰਜਾਬ ਸਮੇਤ ਦੇਸ਼ ਦੇ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਉਣ ਲਈ ਮੋਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ।


ਉਨ੍ਹਾਂ ਕਿਹਾ ਬੀਜੇਪੀ ਕੋਵਿਡ ਖਿਲਾਫ ਸੂਬੇ ਵਿਚ ਲੜਨ ਵਿੱਚ ਸੂਬਾ ਸਰਕਾਰ ਦੀ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਉਹ ਇਸ ‘ਤੇ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਸ਼ਰਮਾ ਨੇ ਕਿਹਾ ਕਿ ਪੰਜਾਬੀਆਂ ਦੀ ਸੁਰੱਖਿਆ ਸਾਡਾ ਪਹਿਲਾ ਟੀਚਾ ਹੈ, ਜਿਸ ਲਈ ਪੰਜਾਬ ਭਾਜਪਾ ਹਮੇਸ਼ਾਂ ਯਤਨਸ਼ੀਲ ਰਹੇਗੀ।