ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਬਿਲਡਰ ਖ਼ਿਲਾਫ਼ ਕਾਰਵਾਈ ਦੀ ਮੰਗ
ਏਬੀਪੀ ਸਾਂਝਾ | 26 Sep 2018 03:42 PM (IST)
ਮਹਾਰਾਸ਼ਟਰ: ਮਹਾਰਾਸ਼ਟਰ ਦੇ ਜ਼ਿਲ੍ਹਾ ਥਾਨਾ ਵਿੱਚ ਬਿਲਡਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤਿਆਰ ਕਰਕੇ ਮੂਰਤੀਆਂ ਲਾਉਣ ਤੇ ਜੁੱਤੇ ਪਾ ਕੇ ਫੋਟੋ ਖਿਚਾਉਣ ਦਾ ਮਾਮਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜ ਗਿਆ ਹੈ। ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਕਰਵਾਈ ਕਰਕੇ ਬਿਲਡਰ ਖਿਲਾਫ ਸਖਤ ਕਰਵਾਈ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੰਬਈ ਦੇ ਉਲਾਸ ਨਗਰ ਇਲਾਕੇ ਵਿੱਚ ਬਿਲਡਰ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤਿਆਰ ਕਰਕੇ ਉਸ ਵਿੱਚ ਮੂਰਤੀਆਂ ਲਾਈਆਂ ਹਨ, ਜਿੱਥੇ ਲੋਕ ਜੁੱਤੀਆਂ ਪਾ ਕੇ ਫੋਟੋ ਖਿਚਵਾ ਰਹੇ ਹਨ। ਇਹ ਸਿੱਖ ਧਰਮ ਦਾ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਕੇ ਬਿਲਡਰ ਖਿਲਾਫ ਸਖਤ ਕਰਵਾਈ ਕਰਵਾਉਣ ਲਈ ਕਿਹਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਮੁਬੰਈ ਦੀਆਂ ਸਿੱਖ ਸੰਗਤਾਂ ਨੂੰ ਵੀ ਇਸ ਖਿਲਾਫ ਅਵਾਜ਼ ਉਠਾ ਕੇ ਬਿਲਡਰ ਖ਼ਿਲਾਫ਼ ਕਰਵਾਈ ਕਰਵਾਉਣ ਦੀ ਅਪੀਲ ਕੀਤੀ ਹੈ।