ਬਰਨਾਲਾ: ਏਸ਼ੀਅਨ ਚੈਂਪੀਅਨ ਅਥਲੀਟ ਹਾਕਮ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਭੱਠਲਾਂ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ। ਅਥਲੀਟ ਹਾਕਮ ਸਿੰਘ ਪਿਛਲੇ ਮਹੀਨੇ ਤੋਂ ਜਿਗਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ 'ਤੇ ਮੁੱਖ ਮੰਤਰੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੇਸ਼ ਲਈ ਦੋ ਵਾਰ ਦੇਸ਼ ਲਈ ਸੋਨਾ ਜਿੱਤਣ ਵਾਲੇ ਸਾਬਕਾ ਖਿਡਾਰੀ ਹਾਕਮ ਸਿੰਘ ਭੱਠਲਾਂ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਤੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌੜ ਵੱਲੋਂ 10 ਲੱਖ ਰੁਪਏ ਇਲਾਜ ਲਈ ਜਾਰੀ ਕੀਤੇ ਸਨ। ਪ੍ਰੰਤੂ ਸਰਕਾਰੀ ਮੱਦਦ ਦੇ ਚੱਲਦਿਆਂ ਵੀ ਹਾਕਮ ਸਿੰਘ ਅੱਜ ਜਿੰਦਗੀ ਦੀ ਜੰਗ ਹਾਰ ਗਿਆ।
ਹਾਕਮ ਸਿੰਘ ਭੱਠਲਾਂ ਨੇ 1978 'ਚ ਬੈਂਕਾਕ ਵਿੱਚ ਹੋਈਆਂ ਏਸ਼ੀਅਨ ਖੇਡਾਂ ਤੇ ਅਗਲੇ ਸਾਲ ਤੇ 1979 'ਚ ਟੋਕੀਓ ਵਿੱਚ ਹੋਈਆਂ ਏਸ਼ੀਅਨ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ 'ਚ 20 ਕਿਲੋਮੀਟਰ 'ਵਾਕ' 'ਚ ਦੋ ਸੋਨ ਤਗ਼ਮੇ ਦੇਸ਼ ਦੀ ਝੋਲੀ ਪਾਇਆ ਸੀ। ਟੋਕੀਓ ਖੇਡਾਂ ਵਿੱਚ ਹਾਕਮ ਸਿੰਘ ਨੇ ਨਵਾਂ ਰਿਕਾਰਡ ਵੀ ਕਾਇਮ ਕੀਤਾ ਸੀ। ਉਨ੍ਹਾਂ ਨੂੰ 29 ਅਗਸਤ 2008 'ਚ ਰਾਸ਼ਟਰਪਤੀ ਭਵਨ ਵਿੱਚ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖੇਡਾਂ ਦੇ ਸਰਵੋਤਮ 'ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਵੀ ਕੀਤਾ ਸੀ।
ਮੰਗਲਵਾਰ ਨੂੰ ਉਨ੍ਹਾਂ ਦੇ ਸਸਕਾਰ ਮੌਕੇ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਹਲਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਦੀ ਵੱਲੋਂ ਪਰਿਵਾਰ ਦੀ ਆਰਥਿਕ ਮਦਦ ਲਈ ਪੰਜ ਲੱਖ ਦਾ ਚੈੱਕ ਵੀ ਪਰਿਵਾਰ ਨੂੰ ਭੇਟ ਕੀਤਾ।
ਹਾਕਮ ਸਿੰਘ ਨੇ ਅੱਜ ਸਵੇਰੇ ਤਕਰੀਬਨ ਅੱਠ ਵਜੇ ਆਖਰੀ ਸਾਹ ਲਏ। ਹਾਕਮ ਸਿੰਘ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਅਤੇ ਸਿੱਖ ਰੈਜਿਮੈਂਟ ਦੇ ਜਵਾਨਾਂ ਨੇ ਵੀ ਹਾਕਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਸਸਕਾਰ ਮੌਕੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਤੇ ਸਿਆਸੀ ਸ਼ਖ਼ਸੀਅਤਾਂ ਨੇ ਵੀ ਹਾਕਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।