Atishi In Police Custody: ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਗਿਆ, ਜਦੋਂ ਉਹ ਕਾਲਕਾਜੀ ਵਿੱਚ ਭੂਮੀਹੀਣ ਕੈਂਪ ਵਿੱਚ ਬੁਲਡੋਜ਼ਰ ਕਾਰਵਾਈ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੀ ਸੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਭਾਜਪਾ ਸਰਕਾਰ 'ਤੇ ਭੜਕੇ।
ਹਿਰਾਸਤ ਵਿੱਚ ਲਏ ਜਾਣ ਵੇਲੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ, "ਭਾਜਪਾ ਇਨ੍ਹਾਂ ਝੁੱਗੀਆਂ-ਝੌਂਪੜੀਆਂ ਨੂੰ ਢਾਹੁਣ ਵਾਲੀ ਹੈ। ਅੱਜ ਉਹ ਮੈਨੂੰ ਜੇਲ੍ਹ ਲਿਜਾ ਰਹੇ ਹਨ ਕਿਉਂਕਿ ਮੈਂ ਇਨ੍ਹਾਂ ਝੁੱਗੀਆਂ-ਝੌਂਪੜੀਆਂ ਵਾਲਿਆਂ ਦੀ ਆਵਾਜ਼ ਬੁਲੰਦ ਕਰ ਰਹੀ ਹਾਂ। ਭਾਰਤੀ ਜਨਤਾ ਪਾਰਟੀ, ਮੁੱਖ ਮੰਤਰੀ ਰੇਖਾ ਗੁਪਤਾ ਜੀ, ਤੁਹਾਨੂੰ ਝੁੱਗੀਆਂ-ਝੌਂਪੜੀਆਂ ਵਾਲਿਆਂ ਦੀ ਹਾਏ ਲੱਗੇਗੀ। ਭਾਜਪਾ ਕਦੇ ਵਾਪਸ ਨਹੀਂ ਆਵੇਗੀ, ਇਨ੍ਹਾਂ ਗਰੀਬਾਂ ਦੀ ਹਾਏ ਲੱਗੇਗੀ।"
ਕੇਜਰੀਵਾਲ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਕਿਹਾ, "ਭਾਜਪਾ ਸਰਕਾਰ ਪੂਰੀ ਦਿੱਲੀ ਵਿੱਚ ਗਰੀਬਾਂ ਦੇ ਘਰ ਤਬਾਹ ਕਰ ਰਹੀ ਹੈ, ਲੋਕਾਂ ਨੂੰ ਬੇਘਰ ਕਰ ਰਹੀ ਹੈ। ਜਦੋਂ ਆਮ ਆਦਮੀ ਪਾਰਟੀ ਗਰੀਬਾਂ ਦੇ ਨਾਲ ਖੜ੍ਹੀ ਹੁੰਦੀ ਹੈ ਅਤੇ ਉਨ੍ਹਾਂ ਦੀ ਆਵਾਜ਼ ਉਠਾਉਂਦੀ ਹੈ, ਤਾਂ ਸਾਡੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਅੱਜ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਨੂੰ ਹਿਰਾਸਤ ਵਿੱਚ ਲਿਆ ਗਿਆ - ਇਹ ਤਾਨਾਸ਼ਾਹੀ ਹੈ। ਭਾਜਪਾ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਸਕਦੀ ਹੈ, ਪਰ ਅਸੀਂ ਦਿੱਲੀ ਦੇ ਆਮ ਲੋਕਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ।"