Baba Ramdev News: ਪਤੰਜਲੀ ਆਯੁਰਵੇਦ ਵੱਲੋਂ ਕੋਰੋਨਾ ਡਰੱਗ ਕੋਰੋਨਿਲ ਨੂੰ ਲੈ ਕੇ ਦਿੱਤੇ ਗਏ ਗੁੰਮਰਾਹਕੁਨ ਇਸ਼ਤਿਹਾਰਾਂ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਫਿਰ ਤੋਂ ਸਖਤ ਰੁਖ ਦਿਖਾਇਆ। ਅਦਾਲਤ ਨੇ ਇਸ ਮਾਮਲੇ ਵਿੱਚ ਬਾਬਾ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਦੀ ਮੁਆਫ਼ੀ ਨੂੰ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਅੰਨ੍ਹੇ ਨਹੀਂ ਹਾਂ, ਅਸੀਂ ਸਾਰਾ ਕੁਝ ਦੇਖ ਰਹੇ ਤੇ ਸਮਝ ਰਹੇ ਹਾਂ। 


ਅਦਾਲਤ ਨੇ ਬਾਬਾ ਰਾਮਦੇਵ ਤੇ ਪਤੰਜਲੀ ਦੇ ਮੁਆਫੀ ਮੰਗਣ ਵਾਲੇ ਦੂਜੇ ਹਲਫਨਾਮੇ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਤੁਹਾਨੂੰ ਮਾਣਹਾਨੀ ਦੀ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਅਸੀਂ ਇਸ ਮੁਆਫ਼ੀ ਨੂੰ ਰੱਦ ਕਰਦੇ ਹਾਂ। ਇਸ 'ਤੇ ਬਾਬਾ ਰਾਮਦੇਵ ਤੇ ਪਤੰਜਲੀ ਦਾ ਪੱਖ ਪੇਸ਼ ਕਰਦੇ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸਾਨੂੰ 10 ਦਿਨ ਦਾ ਸਮਾਂ ਦਿਓ। 



ਦਰਅਸਲ, ਯੋਗ ਗੁਰੂ ਰਾਮਦੇਵ ਨੇ ਇਸ ਮਾਮਲੇ 'ਚ ਪਹਿਲਾਂ ਹੀ ਮੁਆਫੀ ਮੰਗ ਲਈ ਸੀ ਤੇ ਅਦਾਲਤ 'ਚ ਕਿਹਾ ਸੀ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਪਾਬੰਦੀ ਲਾਉਣਗੇ। ਇਸ ਤੋਂ ਬਾਅਦ ਵੀ ਇਹ ਇਸ਼ਤਿਹਾਰ ਜਾਰੀ ਰਹੇ, ਜਿਸ 'ਤੇ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੁਆਫ਼ੀ ਕਾਗਜ਼ 'ਤੇ ਹੈ। ਤੁਸੀਂ ਉਸ ਤੋਂ ਬਾਅਦ ਚੀਜ਼ਾਂ ਨੂੰ ਜਾਰੀ ਰੱਖਿਆ। ਅਸੀਂ ਹੁਣ ਤੁਹਾਡੀ ਮਾਫੀ ਨੂੰ ਰੱਦ ਕਰਦੇ ਹਾਂ ਤੇ ਅਗਲੀ ਕਾਰਵਾਈ ਲਈ ਤਿਆਰ ਰਹੋ।


ਇੰਨਾ ਹੀ ਨਹੀਂ ਬੈਂਚ 'ਚ ਸ਼ਾਮਲ ਜਸਟਿਸ ਅਮਾਨਉੱਲ੍ਹਾ ਨੇ ਕਿਹਾ ਕਿ ਅਸੀਂ ਅੰਨ੍ਹੇ ਨਹੀਂ ਹਾਂ। ਇਸ 'ਤੇ ਪਤੰਜਲੀ ਦਾ ਬਚਾਅ ਕਰਦੇ ਹੋਏ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਲੋਕ ਗਲਤੀ ਕਰਦੇ ਹਨ। ਇਸ ਦਲੀਲ ਦੇ ਜਵਾਬ ਵਿੱਚ ਬੈਂਚ ਨੇ ਕਿਹਾ ਕਿ ਜੇਕਰ ਲੋਕ ਗਲਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਨਤੀਜਾ ਵੀ ਭੁਗਤਣਾ ਪੈਂਦਾ ਹੈ। ਅਸੀਂ ਇਸ ਮਾਮਲੇ ਵਿੱਚ ਇੰਨੀ ਢਿੱਲ ਨਹੀਂ ਦਿਖਾਵਾਂਗੇ। 



ਅਦਾਲਤ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੁਕੁਲ ਰੋਹਤਗੀ ਨੇ ਬਾਬਾ ਰਾਮਦੇਵ ਦਾ ਬਿਆਨ ਪੜ੍ਹਿਆ ਤੇ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਮੁਆਫੀ ਮੰਗਦੇ ਹਨ। ਜਸਟਿਸ ਕੋਹਲੀ ਨੇ ਕੇਂਦਰ ਸਰਕਾਰ 'ਤੇ ਵੀ ਸਖਤੀ ਦਿਖਾਉਂਦੇ ਹੋਏ ਕਿਹਾ ਕਿ ਤੁਸੀਂ ਜਾਣਬੁੱਝ ਕੇ ਇਸ ਮਾਮਲੇ 'ਤੇ ਪਰਦਾ ਪਾਇਆ ਤੇ ਉਨ੍ਹਾਂ ਨਾਲ ਖੜ੍ਹੇ ਰਹੇ। ਅਦਾਲਤ ਨੇ ਕਿਹਾ ਕਿ ਤੁਹਾਡੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ।


ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਵੀ ਅੱਜ ਇਸ ਮਾਮਲੇ ਵਿੱਚ ਹਲਫਨਾਮਾ ਦਾਇਰ ਕੀਤਾ ਹੈ। ਸਰਕਾਰ ਨੇ ਕਿਹਾ ਕਿ ਅਸੀਂ ਪਤੰਜਲੀ ਆਯੁਰਵੇਦ ਨੂੰ ਇਨ੍ਹਾਂ ਗੁੰਮਰਾਹਕੁਨ ਇਸ਼ਤਿਹਾਰਾਂ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਤੇ ਉਨ੍ਹਾਂ ਨੂੰ ਆਯੁਸ਼ ਮੰਤਰਾਲੇ ਦੁਆਰਾ ਕੋਰੋਨਿਲ ਦੀ ਜਾਂਚ ਹੋਣ ਤੱਕ ਅੱਗੇ ਨਾ ਵਧਣ ਲਈ ਕਿਹਾ ਸੀ। ਇੰਨਾ ਹੀ ਨਹੀਂ, ਸਰਕਾਰ ਨੇ ਕਿਹਾ ਕਿ ਅਸੀਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਲਈ ਕਿਹਾ ਸੀ।