Baba Tarsem Singh Murder: ਉੱਤਰਾਖੰਡ ਦੇ ਨਾਨਕਮੱਤਾ ਗੁਰਦੁਆਰੇ ਦੇ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਉੱਤਰ ਪ੍ਰਦੇਸ਼ ਤੇ ਪੰਜਾਬ ਵਿੱਚ ਛਾਪੇਮਾਰੀ ਕਰ ਰਹੀ ਹੈ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਤਲ ਕਰਨ ਵਾਲੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਪਹੁੰਚ ਗਏ ਹਨ।


ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਸਰਬਜੀਤ ਸਿੰਘ ਨਾਂ ਦੇ ਵਿਅਕਤੀ ਨੇ ਸ਼ਨੀਵਾਰ ਰਾਤ ਨੂੰ ਇੱਕ ਹੋਰ ਫੇਸਬੁੱਕ ਪੋਸਟ 'ਚ ਆਪਣੀ ਲੋਕੇਸ਼ਨ ਸ਼ੇਅਰ ਕੀਤੀ ਹੈ। ਇਹ ਇੰਟਰਨੈੱਟ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜੇ ਪੋਸਟ ਸਹੀ ਹੈ ਤਾਂ ਮੁਲਜ਼ਮ ਪੁਲਿਸ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਚਕਮਾ ਦੇ ਕੇ ਦੇਸ਼ ਦੀ ਸਰਹੱਦ ਪਾਰ ਕਰ ਗਏ ਹਨ।



ਉਂਝ ਕਤਲ ਦੇ ਮੁਲਜ਼ਮ ਕਿਹੜੇ-ਕਿਹੜੇ ਰਾਜਾਂ ਰਾਹੀਂ ਢਾਕਾ ਪਹੁੰਚੇ ਹਨ, ਇਹ ਪੁਲਿਸ ਜਾਂਚ ਤੇ ਪੋਸਟ ਦੀ ਪ੍ਰਮਾਣਿਕਤਾ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਅਜੇ ਤੱਕ ਪੋਸਟ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਇਧਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25-25 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।


ਦੱਸ ਦਈਏ ਕਿ 28 ਮਾਰਚ ਨੂੰ ਬਾਬਾ ਤਰਸੇਮ ਸਿੰਘ ਦੇ ਕਤਲ ਤੋਂ ਬਾਅਦ ਦੋ ਸ਼ੂਟਰ ਬਾਈਕ 'ਤੇ ਸਵਾਰ ਹੋ ਕੇ ਫਰਾਰ ਹੋ ਗਏ ਸਨ। 29 ਮਾਰਚ ਨੂੰ ਪੰਜਾਬ ਦੇ ਤਰਨ ਤਾਰਨ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਫੇਸਬੁੱਕ 'ਤੇ ਪੋਸਟ ਪਾਈ ਸੀ। ਇਸ ਮਗਰੋਂ ਸੋਸ਼ਲ ਮੀਡੀਆ ਉਪਰ ਇਸ ਕਤਲ ਬਾਰੇ ਕਾਫੀ ਕੁਝ ਵਾਇਰਲ ਹੋ ਰਿਹਾ ਹੈ।



ਪੁਲਿਸ ਨੇ ਗੁਰਦੁਆਰੇ ਦੇ ਸੇਵਾਦਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਸਰਬਜੀਤ ਸਿੰਘ ਸਮੇਤ ਪੰਜ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸੇਵਾਮੁਕਤ ਆਈਏਐਸ ਹਰਬੰਸ ਸਿੰਘ ਚੁੱਘ ਦਾ ਨਾਂ ਵੀ ਸ਼ਾਮਲ ਹੈ। ਘਟਨਾ ਤੋਂ ਬਾਅਦ ਪੁਲਿਸ ਦੀਆਂ 15 ਟੀਮਾਂ ਉੱਤਰਾਖੰਡ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਤੇ ਪੰਜਾਬ ਵਿੱਚ ਵੀ ਕਤਲ ਦੇ ਦੋਸ਼ੀਆਂ ਦੀ ਭਾਲ ਕਰ ਰਹੀਆਂ ਹਨ।



ਉਧਰ, ਸ਼ਨੀਵਾਰ ਰਾਤ ਸਰਬਜੀਤ ਨਾਂ ਦੀ ਫੇਸਬੁੱਕ ਆਈਡੀ ਤੋਂ ਇੱਕ ਹੋਰ ਪੋਸਟ ਸ਼ੇਅਰ ਕੀਤੀ ਗਈ। ਲੋਕੇਸ਼ਨ ਵਿੱਚ ਢਾਕਾ ਦਾ ਗੁਰਦੁਆਰਾ ਨਾਨਕ ਸ਼ਾਹੀ ਦਰਜ ਹੈ। ਇਹ ਪੋਸਟ ਗੁਰਮੁਖੀ ਭਾਸ਼ਾ ਵਿੱਚ ਹੈ। ਸਭ ਤੋਂ ਪਹਿਲਾਂ ਲਿਖਿਆ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਉਸ ਤੋਂ ਬਾਅਦ ਲਿਖਿਆ ਹੈ, ‘ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਸੀਂ ਅਕਾਲ ਤਖ਼ਤ ਸਾਹਿਬ ਵੱਲ ਵਧ ਰਹੇ ਹਾਂ।


ਅਕਾਲ ਤਖ਼ਤ ਸਾਹਿਬ ਅੱਗੇ ਅਰਦਾਸ ਕਰ ਰਹੇ ਹਾਂ। ਤਰਸੇਮ ਵਰਗੇ ਹੋਰ ਵੀ ਹਨ ਜੋ ਗੁਰੂਘਰਾਂ ਵਿੱਚ ਬੈਠ ਕੇ ਆਪਣੀ ਮੌਤ ਦੀ ਤਿਆਰੀ ਕਰ ਰਹੇ ਹਨ। ਪੁਲਿਸ ਸਾਡੇ ਪਰਿਵਾਰ ਨੂੰ ਤੰਗ ਨਾ ਕਰੇ। ਜਦੋਂ ਸਹੀ ਸਮਾਂ ਆਇਆ ਤਾਂ ਅਸੀਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗੇ। ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਗੂਗਲ ਲੋਕੇਸ਼ਨ ਦਾ ਸਕਰੀਨ ਸ਼ਾਟ ਵੀ ਸ਼ੇਅਰ ਕੀਤਾ ਗਿਆ ਹੈ।


ਸਰਬਜੀਤ ਵੱਲੋਂ ਇੱਕ ਦਿਨ ਪਹਿਲਾਂ ਕਤਲ ਦੀ ਜ਼ਿੰਮੇਵਾਰੀ ਲੈਣ ਤੇ ਅਗਲੇ ਹੀ ਦਿਨ ਢਾਕਾ ਤੋਂ ਪੋਸਟ ਕੀਤੇ ਜਾਣ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ ਤਾਜ਼ਾ ਪੋਸਟ 'ਚ ਸੱਚਾਈ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ ਪਰ ਜੇਕਰ ਇਹ ਸੱਚ ਹੈ ਤਾਂ ਕਤਲ ਦੇ ਦੋਸ਼ੀਆਂ ਨੇ ਪੁਲਿਸ ਨੂੰ ਇੱਕ ਹੋਰ ਚੁਣੌਤੀ ਦਿੱਤੀ ਹੈ। ਐਸਐਸਪੀ ਮੰਜੂਨਾਥ ਟੀਸੀ ਦਾ ਕਹਿਣਾ ਹੈ ਕਿ ਕਤਲ ਦੇ ਮੁਲਜ਼ਮਾਂ ਦੀ ਭਾਲ ਵਿੱਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। 


ਉਧਰ, ਇੰਟਰਨੈੱਟ ਮੀਡੀਆ 'ਤੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਬਾਬਾ ਤਰਸੇਮ ਨੂੰ ਸਬਕ ਸਿਖਾਉਣ ਲਈ ਕਹਿ ਰਿਹਾ ਹੈ। ਹਾਲਾਂਕਿ ਇਹ ਵੀਡੀਓ ਕਾਫੀ ਪੁਰਾਣਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਅੰਮ੍ਰਿਤਪਾਲ ਕਹਿ ਰਿਹਾ ਹੈ ਕਿ ਗੁਰੂਘਰ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਤਰਸੇਮ ਦੀ ਮੌਜੂਦਗੀ 'ਚ ਗੁਰੂਘਰ 'ਚ ਜੋ ਵੀ ਹੋਇਆ, ਉਹ ਸਹੀ ਨਹੀਂ ਸੀ।