ਨਵੀਂ ਦਿੱਲੀ: ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਸ਼ਟਰੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਤੋਂ ਲੈ ਕੇ ਆਸਾਮ ਤੱਕ ਸਮੁੱਚਾ ਉੱਤਰੀ ਭਾਰਤ ਇਸ ਵੇਲੇ ਧੁੰਦ ਦੀ ਸੰਘਣੀ ਚਾਦਰ ਦੀ ਲਪੇਟ ’ਚ ਹੈ। ਅੰਮ੍ਰਿਤਸਰ ਤੋਂ ਲੈ ਕੇ ਖਨੌਰੀ ਤੇ ਮੁਹਾਲੀ ਤੋਂ ਲੈ ਕੇ ਬਠਿੰਡਾ ਤੱਕ ਪੂਰਾ ਪੰਜਾਬ ਵੀ ਸਖ਼ਤ ਸੀਤ ਲਹਿਰ ਨਾਲ ਜੂਝ ਰਿਹਾ ਹੈ। ਕਈ ਇਲਾਕਿਆਂ ’ਚ 25 ਮੀਟਰ ਦੀ ਦੂਰੀ ਤੋਂ ਵੀ ਕੁਝ ਵਿਖਾਈ ਨਹੀਂ ਦੇ ਰਿਹਾ।

ਮੌਸਮ ਵਿਭਾਗ ਅਨੁਸਾਰ ਦਿੱਲੀ ’ਚ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਖ਼ਤ ਧੁੰਦ ਨੇ ਆਵਾਜਾਈ ਦੀ ਰਫ਼ਤਾਰ ਮੱਠੀ ਕਰ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ 22 ਜਨਵਰੀ ਤੋਂ ਲੈ ਕੇ 24 ਜਨਵਰੀ ਦੌਰਾਨ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ,ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ’ਚ ਮੀਂਹ ਪੈ ਸਕਦਾ ਹੈ। ਦਿੱਲੀ, ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ 23 ਜਨਵਰੀ ਨੂੰ ਬੂੰਦਾ-ਬਾਂਦੀ ਦੇ ਆਸਾਰ ਪ੍ਰਗਟਾਏ ਗਏ ਹਨ।


ਪੱਛਮੀ ਗੜਬੜੀ ਕਾਰਨ ਮੌਸਮ ਅੱਜ ਤੋਂ ਹੋਰ ਵੀ ਠੰਢਾ ਹੋ ਸਕਦਾ ਹੈ। ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾ, ਕੁਰੂਕਸ਼ੇਤਰ, ਕਰਨਾਲ ਤੱਕ 24 ਜਨਵਰੀ ਨੂੰ ਤਾਪਮਾਨ ’ਚ 2 ਤੋਂ 4 ਡਿਗਰੀ ਤੱਕ ਦੀ ਕਮੀ ਹੋ ਸਕਦੀ ਹੈ।  25 ਅਤੇ 26 ਜਨਵਰੀ ਨੂੰ ਵੀ ਧੁੰਦ ਛਾ ਸਕਦੀ ਹੈ।

ਮੌਸਮ ਵਿਭਾਗ ਅਨੁਸਾਰ 23 ਜਨਵਰੀ ਤੋਂ 26 ਜਨਵਰੀ ਤੱਕ ਆਸਾਮ, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ’ਚ ਸਵੇਰ ਸਮੇਂ ਭਾਰੀ ਧੁੰਦ ਛਾਈ ਰਹਿ ਸਕਦੀ ਹੈ। ਪੱਛਮੀ ਬੰਗਾਲ ਦੇ ਉੱਪ ਹਿਮਾਲਾ ਪਰਬਤੀ ਖੇਤਰਾਂ ਵਿੱਚ 23 ਜਨਵਰੀ ਨੂੰ ਭਾਰੀ ਧੁੰਦ ਛਾ ਸਕਦੀ ਹੈ।