ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਪਿਛਲੇ ਕਰੀਬ ਪੌਣੇ ਦੋ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਹੁਣ ਤਕ ਕਈ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਪੰਜਾਬ ਦੇ 130 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।


ਰਾਜੇਵਾਲ ਨੇ ਕਿਹਾ, “ਅਸੀਂ ਦੂਜੇ ਸੂਬਿਆਂ ਦੇ ਕਿਸਾਨ ਲੀਡਰਾਂ ਨੂੰ ਵੀ ਕਿਹਾ ਉਹ ਸਾਨੂੰ ਕਿਸਾਨਾਂ ਦੀਆਂ ਮੌਤਾਂ ਦੀ ਗਿਣਤੀ ਦਾ ਵੇਰਵਾ ਦੱਸਣ। ਉਨ੍ਹਾਂ ਕਿਹਾ ਅਸੀਂ ਇਹ ਅੰਕੜੇ ਪੂਰੇ ਦੇਸ਼ ਵਿੱਚ ਜਾਰੀ ਕਰਾਂਗੇ ਤੇ ਦੱਸਾਂਗੇ ਕਿ ਕਿਸ ਤਰ੍ਹਾਂ ਸਰਕਾਰ ਨੇ ਕਿਸਾਨੀ ਮੁਸੀਬਤਾਂ ਨੂੰ ਅੱਖੋਂ ਪਰੋਖੇ ਕੀਤਾ ਹੈ।'


ਰਾਜੇਵਾਲ ਨੇ ਕਿਹਾ, 'ਹਾਲ ਹੀ 'ਚ ਕੇਂਦਰ ਨਾਲ ਹੋਈ ਮੀਟਿੰਗ 'ਚ ਉਨ੍ਹਾਂ 125 ਸ਼ਹੀਦ ਕਿਸਾਨਾਂ ਦੇ ਅੰਕੜੇ ਦਿੱਤੇ ਸਨ।' ਉਨ੍ਹਾਂ ਕਿਹਾ ਸਾਡੀ ਟੀਮ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਮੌਤਾਂ ਦੇ ਅੰਕੜੇ ਇਕੱਠੇ ਕੀਤੇ ਸਨ ਜਿਸ ਤੋਂ ਇਹ ਸਪਸ਼ਟ ਹੋਇਆ ਕਿ ਮੌਤਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵਧੀ ਹੈ।


ਕਿਸਾਨ ਲੀਡਰ ਪ੍ਰਗਟ ਸਿੰਘ ਨੇ ਕਿਹਾ ਕਿ ਪਿਛਲੇ ਸਾਲ 26 ਨਵੰਬਰ ਤੋਂ ਦਿੱਲੀ ਮੋਰਚੇ ਤੇ ਆਏ ਕਿਸਾਨਾਂ 'ਚ ਮਰਨ ਵਾਲਿਆਂ ਦੀ ਅੰਕੜਾ 85 ਦੇ ਕਰੀਬ ਹੈ। ਜਦਕਿ ਸੂਬੇ ਭਰ ਤੋਂ ਅੰਕੜੇ ਇਕੱਠੇ ਕਰਨ ਦੀ ਕਵਾਇਦ ਸ਼ੁਰੂ ਕਰਨ ਮਰਗੋਂ ਮੋਟੇ ਤੌਰ 'ਤੇ ਅੰਕੜਾ 130 ਤੋਂ ਵੀ ਜ਼ਿਆਦਾ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ 'ਚ ਵਰਕਰਾਂ ਦੀ ਮਦਦ ਨਾਲ ਵਿਸਥਾਰਤ ਸੂਚੀ ਤਿਆਰ ਕੀਤੀ ਜਾ ਰਹੀ ਹੈ।


ਕਿਸਾਨ ਕਾਰਕੁੰਨ ਗੁਰਦੇਵ ਸਿੰਘ ਨੇ ਦੱਸਿਆ ਖੁਦਕੁਸ਼ੀਆਂ ਕਾਰਨ ਹੋਈਆਂ ਮੌਤਾਂ ਤੋਂ ਇਲਾਵਾ ਠੰਢ ਦਾ ਮੌਸਮ ਤੇ ਦਿਲ ਦਾ ਦੌਰਾ ਵੀ ਮੌਤਾਂ ਦਾ ਕਾਰਨ ਬਣ ਰਿਹਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ