ਨਵੀਂ ਦਿੱਲੀ: ਜੇ ਤੁਸੀਂ ਅਗਲੇ ਮਹੀਨੇ ਆਪਣੇ ਬੈਂਕ ਦੇ ਕੰਮ ਨਿਬੇੜਨੇ ਹਨ, ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਅਗਲੇ ਮਹੀਨੇ ਯਾਨੀ ਮਾਰਚ 2020 ਵਿੱਚ, ਬੈਂਕਿੰਗ ਦੇ ਕੰਮਕਾਜ ਵਿੱਚ ਲਗਾਤਾਰ ਅੱਠ ਦਿਨਾਂ ਲਈ ਵਿਘਨ ਪੈਣ ਵਾਲਾ ਹੈ।


8 ਤੋਂ 15 ਮਾਰਚ ਤੱਕ ਸਰਕਾਰੀ ਬੈਂਕਾਂ ਦਾ ਕੰਮ ਠੱਪ
ਦੇਸ਼ ਵਿੱਚ ਸਰਕਾਰੀ ਬੈਂਕਾਂ ਦਾ ਕੰਮਕਾਜ 8 ਤੋਂ 15 ਮਾਰਚ ਤੱਕ ਲਗਾਤਾਰ ਅੱਠ ਦਿਨਾਂ ਲਈ ਠੱਪ ਹੋ ਸਕਦਾ ਹੈ। ਐਤਵਾਰ 8 ਮਾਰਚ ਹੈ, ਇਸ ਦਿਨ ਬੈਂਕਾਂ 'ਚ ਛੁੱਟੀ ਹੈ। ਇਸ ਲਈ ਬੈਂਕ ਇਸ ਦਿਨ ਨਹੀਂ ਖੁੱਲ੍ਹਣਗੇ। ਇਸ ਤੋਂ ਬਾਅਦ, ਹੋਲੀ ਦੀ ਛੁੱਟੀ ਕਈ ਥਾਵਾਂ ਤੇ 9 ਮਾਰਚ ਤੇ ਕਈ ਥਾਵਾਂ ਤੇ 10 ਮਾਰਚ ਨੂੰ ਹੈ। ਬਹੁਤ ਸਾਰੀਆਂ ਥਾਵਾਂ 'ਤੇ, ਬੈਂਕ 9 ਤੇ 10 ਮਾਰਚ ਨੂੰ ਦੋਵੇਂ ਦਿਨ ਬੰਦ ਰਹਿਣਗੇ।

ਇਸ ਤੋਂ ਬਾਅਦ 11, 12 ਤੇ 13 ਮਾਰਚ ਨੂੰ ਸਰਕਾਰੀ ਬੈਂਕਾਂ ਦੀਆਂ ਯੂਨੀਅਨਾਂ ਦੀ ਅਗਵਾਈ ਹੇਠ ਬੈਂਕ ਕਰਮਚਾਰੀ ਹੜਤਾਲ ‘ਤੇ ਜਾ ਰਹੇ ਹਨ। ਇਸ ਲਈ ਇਹ ਤਿੰਨ ਦਿਨਾਂ ਲਈ ਵੀ ਸਰਕਾਰੀ ਬੈਂਕ ਪੂਰੇ ਦੇਸ਼ 'ਚ ਬੰਦ ਰਹਿਣਗੇ। ਬੈਂਕਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ 14 ਮਾਰਚ ਦੂਜਾ ਸ਼ਨੀਵਾਰ ਹੈ, ਜਿਸ ਕਾਰਨ ਬੈਂਕਾਂ ਫਿਰ ਬੰਦ ਰਹਿਣਗੀਆਂ ਤੇ ਫਿਰ ਅੱਠਵੇਂ ਦਿਨ ਯਾਨੀ 15 ਮਾਰਚ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਬੰਦ ਰਹਿਣਗੀਆਂ। ਇਸ ਤਰ੍ਹਾਂ ਦੇਸ਼ ਭਰ ਵਿੱਚ 8 ਮਾਰਚ ਤੋਂ 15 ਮਾਰਚ ਤੱਕ ਬੈਂਕਿੰਗ ਦਾ ਕੰਮ ਕਾਜ ਠੱਪ ਰਹਿ ਸਕਦਾ ਹੈ।