ODI World Cup Matches - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਸ਼ਨੀਵਾਰ (7 ਅਕਤੂਬਰ) ਨੂੰ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਇਕ ਵੱਡੀ ਖਾਲਿਸਤਾਨੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਵਿਸ਼ਵ ਕੱਪ ਦੇ ਮੈਚ ਤੋਂ ਪਹਿਲਾਂ ਧਰਮਸ਼ਾਲਾ ਦੀ ਸਰਕਾਰੀ ਇਮਾਰਤ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਵਿਸ਼ਵ ਕੱਪ ਦੇ ਮੈਚਾਂ ਦੌਰਾਨ ਅਜਿਹੀਆਂ ਘਟਨਾਵਾਂ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ ਅਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਭਾਗ 'ਚ ਹੜਕੰਪ ਮਚ ਗਿਆ ਹੈ।


ਜਾਣਕਾਰੀ ਮੁਤਾਬਕ ਖਾਲਿਸਤਾਨ ਸਮਰਥਕਾਂ ਨੇ ਧਰਮਸ਼ਾਲਾ 'ਚ ਸਰਕਾਰੀ ਵਿਭਾਗ ਦੀ ਕੰਧ 'ਤੇ ਸਪਰੇਅ ਪੇਂਟ ਨਾਲ ਖਾਲਿਸਤਾਨ ਜ਼ਿੰਦਾਬਾਦ ਲਿਖਿਆ। ਹਾਲਾਂਕਿ ਘਟਨਾ ਤੋਂ ਬਾਅਦ ਪੁਲਿਸ ਵਿਭਾਗ ਨੇ ਤੁਰੰਤ ਹਰਕਤ 'ਚ ਆ ਕੇ ਇਸ ਨਾਅਰੇ ਨੂੰ ਹਟਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਇਹ ਨਾਅਰੇ ਕੁਝ ਹੱਦ ਤੱਕ ਕੰਧਾਂ 'ਤੇ ਵੀ ਨਜ਼ਰ ਆ ਰਹੇ ਹਨ। ਫਿਲਹਾਲ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਦੱਸਿਆ ਜਾ ਰਿਹਾ ਹੈ ਕਿ ਜਲ ਸ਼ਕਤੀ ਵਿਭਾਗ ਦੇ ਦਫਤਰ ਦੀ ਕੰਧ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਸਨ। ਇਹ ਨਾਅਰਾ ਕਾਲੇ ਸਪਰੇਅ ਪੇਂਟ ਨਾਲ ਲਿਖਿਆ ਗਿਆ ਸੀ। ਸਥਾਨਕ ਵਿਅਕਤੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਦੇ ਨਾਲ ਹੀ ਇਸ ਘਟਨਾ ਸਬੰਧੀ ਆਈ.ਪੀ.ਐਚ ਵਿਭਾਗ ਦਾ ਚੌਕੀਦਾਰ ਅਸ਼ਵਨੀ ਕੁਮਾਰ ਰਾਤ ਨੂੰ ਉਸੇ ਇਮਾਰਤ ਵਿੱਚ ਮੌਜੂਦ ਸੀ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਹ ਇਮਾਰਤ ਦੇ ਅੰਦਰ ਸੀ, ਬਾਹਰ ਨਹੀਂ। ਪੁਲਿਸ ਨੇ ਇਸ ਮਾਮਲੇ ਵਿੱਚ ਅਸ਼ਵਨੀ ਕੁਮਾਰ ਤੋਂ ਪੁੱਛਗਿੱਛ ਕੀਤੀ ਹੈ।


ਧਰਮਸ਼ਾਲਾ ਵਿੱਚ ਹੋਣ ਵਾਲੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਮੈਚਾਂ ਲਈ ਜ਼ਿਲ੍ਹਾ ਪੁਲਿਸ ਤਿਆਰ ਹੈ। ਸੁਰੱਖਿਆ ਲਈ 1500 ਪੁਲਿਸ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਸ਼ਹਿਰ ਨੂੰ 15 ਸੈਕਟਰਾਂ ਵਿੱਚ ਵੰਡਿਆ ਜਾਵੇਗਾ, ਜਿਸ ਵਿੱਚੋਂ 9 ਸੈਕਟਰ ਸਟੇਡੀਅਮ ਕੰਪਲੈਕਸ ਵਿੱਚ ਹੀ ਹੋਣਗੇ। ਸ਼ਹਿਰ ਤੋਂ ਬਾਹਰ ਵੀ ਨਿਗਰਾਨੀ ਲਈ ਵੱਖਰੀਆਂ ਟੀਮਾਂ ਬਣਾਈਆਂ ਗਈਆਂ ਹਨ। 


ਜਾਣਕਾਰੀ ਦਿੰਦਿਆਂ ਐਸ.ਪੀ ਕਾਂਗੜਾ ਸ਼ਾਲਿਨੀ ਅਗਰੀਹੋਤਰੀ ਨੇ ਦੱਸਿਆ ਕਿ ਮੈਚਾਂ ਦੌਰਾਨ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ ਵੱਖ-ਵੱਖ ਗੇਟਾਂ 'ਤੇ ਵਿਸ਼ੇਸ਼ ਟੁਕੜੀਆਂ ਤਾਇਨਾਤ ਕੀਤੀਆਂ ਜਾਣਗੀਆਂ, ਤਾਂ ਜੋ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਖਾਸ ਕਰਕੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।