Bikaner-Guwahati Train Accident: ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ 'ਚ ਵੀਰਵਾਰ ਨੂੰ ਬੀਕਾਨੇਰ- ਗੁਹਾਟੀ ਐਕਸਪ੍ਰੈੱਸ ਟ੍ਰੇਨ ਦੇ 12 ਡੱਬੇ ਪਟਰੀ ਤੋਂ ਉੱਤਰ ਗਏ ਤੇ ਕੁਝ ਡੱਬੇ ਪਲਟ ਗਏ ਜਿਸ ਦੇ ਚੱਲਦੇ 9 ਲੋਕਾਂ ਦੀ ਮੌਤ ਹੋ ਗਈ ਤੇ 45 ਤੋਂ ਵੱਧ ਜ਼ਖਮੀ ਹੋ ਗਏ। ਉੱਥੇ ਹੀ 2 ਡੱਬੇ ਅਜਿਹੇ ਸਨ ਜਿਸ 'ਚ ਯਾਤਰੀ ਫਸੇ ਹੋਏ ਸਨ। ਰੇਲਵੇ ਅਧਿਕਾਰੀਆਂ ਅਨੁਸਾਰ 6 ਡੱਬੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋਏ ਹਨ। ਇੱਕ ਯਾਤਰੀ ਨੇ ਦੱਸਿਆ ਕਿ ਉਹਨਾਂ ਨੂੰ ਅਚਾਨਕ ਝਟਕਾ ਲੱਗਿਆ ਤੇ ਸੀਟ 'ਤੇ ਰੱਖਿਆ ਸਾਮਾਨ ਇੱਧਰ-ਉਧਰ ਡਿੱਗ ਗਿਆ।


ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਇੱਕ ਡੱਬਾ ਦੂਜੇ 'ਤੇ ਚੜ੍ਹ ਗਿਆ ਜਦਕਿ ਕੁਝ ਡੱਬੇ ਢਲਾਣ ਤੋਂ ਉਤਰ ਕੇ ਪਲਟ ਗਏ। ਦੁਰਘਟਨਾ ਦੌਰਾਨ ਕੁਝ ਡੱਬੇ ਵੱਖ ਹੋ ਗਏ ਜਦਕਿ ਕੁਝ ਦੇ ਪਹੀਏ ਪਟਰੀ ਤੋਂ ਉੱਤਰ ਗਏ। ਭਾਰਤੀ ਰੇਲਵੇ ਨੇ ਹਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ, ਗੰਭੀਰ ਰੂਪ 'ਚ ਜ਼ਖਮੀਆਂ ਲਈ 1 ਲੱਖ ਰੁਪਏ ਤੇ ਮਾਮੂਲੀ ਜ਼ਖਮੀਆਂ ਲਈ 25 ਹਜ਼ਾਰ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। 



ਰਾਤ ਭਰ ਚੱਲਿਆ ਰੈਸਕਿਊ ਆਪਰੇਸ਼ਨ 
ਜਲਪਾਈਗੁੜੀ 'ਚ ਜ਼ਿੰਦਗੀ ਦੀ ਜੰਗ ਲੜ ਰਹੇ ਲੋਕਾਂ ਨੂੰ ਬਚਾਉਣ ਲਈ ਰਾਤ ਭਰ ਰੈਸਕਿਊ ਆਪਰੇਸ਼ਨ ਚਲਦਾ ਰਿਹਾ। ਇਸ ਕੰਮ 'ਚ ਐਨਡੀਆਰਐਫ  ਦੇ ਨਾਲ-ਨਾਲ ਬੀਐਸਐਫ ਨੂੰ ਵੀ ਤੈਨਾਤ ਕੀਤਾ ਗਿਆ ਹੈ। ਜ਼ਖਮੀਆਂ ਨੂੰ ਡੱਬਿਆਂ ਤੋਂ ਬਾਹਰ ਕੱਢਕੇ ਸਟ੍ਰੈਚਰ ਦੇ ਜ਼ਰੀਏ ਐਂਬੂਲੈਂਸ ਤੇ ਫਿਰ ਜਲਪਾਈਗੁੜੀ ਹਸਪਤਾਲ ਤੱਕ ਪਹੁੰਚਾਇਆ ਗਿਆ। ਜ਼ਿੰਦਗੀ ਨੂੰ ਬਚਾਉਣ ਦਾ ਇਹ ਕੰਮ ਘਟਨਾ ਦੇ ਬਾਅਦ ਤੋਂ ਹੀ ਜਾਰੀ ਹੈ। 


ਟੀਐਮਸੀ ਵੱਲੋਂ ਜਾਂਚ ਦੀ ਮੰਗ 
ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸੰਗਤ ਰਾਏ ਨੇ ਹਾਦਸੇ 'ਤੇ ਸਵਾਲ ਚੁੱਕਦਿਆਂ ਸ਼ੱਕ ਜਤਾਇਆ ਕਿ ਟ੍ਰੈਕ 'ਚ ਦਰਾਰ ਆ ਗਈ ਸੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਰੇਲ ਮੰਤਰੀ ਘਟਨਾ 'ਤੇ ਸਪੱਸ਼ਟ ਬਿਆਨ ਦੇਵੇ। 


ਹਾਦਸੇ ਨਾਲ ਜੁੜੀਆਂ 10 ਵੱਡੀਆਂ ਗੱਲਾਂ 
1.ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਟ੍ਰੇਨ ਦੇ 12 ਡੱਬੇ ਪਟਰੀ ਤੋਂ ਉੱਤਰੇ। ਹਾਦਸੇ 'ਚ 9 ਲੋਕਾਂ ਦੀ ਮੌਤ, 45 ਤੋਂ ਵੱਧ ਜ਼ਖਮੀ 
2. ਦੁਰਘਟਨਾ ਦੇ ਸਮੇਂ ਟ੍ਰੇਨ 'ਚ 1053 ਯਾਤਰੀ ਸਵਾਰ ਸਨ। 
3. ਐੱਨਡੀਆਰਐੱਫ ਦੇ ਨਾਲ ਬੀਐੱਸਐੱਫ ਵੀ ਬਚਾਅ ਕਾਰਜਾਂ 'ਚ ਜੁਟੀ 
4. ਰੇਲ ਮੰਤਰੀ ਅਸ਼ਵਨੀ ਵੈਸ਼ਣਵ ਵੀ ਲੈਣਗੇ ਜਾਇਜ਼ਾ
5. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੀ ਸੀਐੱਮ ਮਮਤਾ ਬੈਨਰਜੀ ਅਤੇ ਰੇਲ ਮੰਤਰੀ ਤੋਂ ਹਾਦਸੇ ਦੀ ਪੂਰੀ ਜਾਣਕਾਰੀ ਲਈ। 
6. ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਹਾਦਸੇ 'ਤੇ ਮੁਆਵਜ਼ੇ ਦਾ ਐਲਾਨ ਕੀਤਾ। 
7. ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ, ਗੰਭੀਰ ਰੂਪ 'ਚ ਜ਼ਖਮੀਆਂ ਨੂੰ 1-1 ਲੱਖ ਅਤੇ ਦੂਜੇ ਜ਼ਖਮੀਆਂ ਨੂੰ 25-25 ਹਜ਼ਾਰ ਦੀ ਮਦਦ ਰਾਸ਼ੀ ਦਾ ਐਲਾਨ 
8. ਰਾਤ ਭਰ ਚੱਲਿਆ ਰਾਹਤ ਅਤੇ ਬਚਾਅ ਕਾਰਜ 
9.ਜੋ ਯਾਤਰੀ ਸੁਰੱਖਿਅਤ ਹਨ ਉਹਨਾਂ ਨੂੰ ਸਪੈਸ਼ਲ ਟ੍ਰੇਨ ਤੋਂ ਗੁਹਾਟੀ ਲਈ ਰਵਾਨਾ ਕੀਤਾ ਗਿਆ। 
10. ਹਾਦਸੇ ਦੀ ਜਾਂਚ ਦੇ ਆਦੇਸ਼, ਰੇਲਵੇ ਸੁਰੱਖਿਆ ਕਮਿਸ਼ਨਰ ਕਰਨਗੇ ਦੁਰਘਟਨਾ ਦੇ ਕਾਰਨਾਂ ਦੀ ਜਾਂਚ।


 


ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਵੱਡੇ ਝਟਕੇ, 100 ਵਿਧਾਇਕ ਸੰਪਰਕ 'ਚ, ਰੋਜ਼ਾਨਾ ਲੱਗਣਗੇ ਬੀਜੇਪੀ ਨੂੰ ਇੰਜੈਕਸ਼ਨ: ਅਸਤੀਫੇ ਮਗਰੋਂ ਵਰਮਾ ਦਾ ਦਾਅਵਾ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904