Aam Aadmi Party: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।  ਦੋਵਾਂ ਆਗੂਆਂ ਨੇ 'ਆਪ' ਉਮੀਦਵਾਰ ਨਾਲ ਮਸਤੂਰੀ ਅਤੇ ਕਵਰਧਾ  ਵਿਧਾਨ ਸਭਾ ਹਲਕੇ 'ਚ ਵੱਖ-ਵੱਖ ਥਾਵਾਂ 'ਤੇ ਰੋਡ ਸ਼ੋਅ ਕੀਤੇ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।



 ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਜਿੱਥੇ ਵੀ ਜਾਂਦਾ ਹੈ, ਭਾਜਪਾ ਦਾ ਸਫਾਇਆ ਹੋ ਜਾਂਦਾ ਹੈ, ਇਸ ਲਈ ਭਾਜਪਾ ਸਰਕਾਰ ਉਸ ਨੂੰ ਜੇਲ੍ਹ ਵਿੱਚ ਡੱਕਣ ਦੀ ਕੋਸ਼ਿਸ਼ ਕਰ ਰਹੀ ਹੈ।  ਪਰ ਅਸੀਂ ਭਾਜਪਾ ਦੀ ਧਮਕੀ ਤੋਂ ਡਰਨ ਵਾਲੇ ਲੋਕ ਨਹੀਂ ਹਾਂ।  ਅਸੀਂ ਉਹ ਲੋਕ ਹਾਂ ਜੋ ਅੰਦੋਲਨ ਤੋਂ ਨਿਕਲੇ ਹਾਂ।  ਅਸੀਂ ਜੇਲ੍ਹ ਜਾਣ ਤੋਂ ਨਹੀਂ ਡਰਦੇ।ਮਾਨ ਨੇ ਕਿਹਾ ਕਿ ਭਾਜਪਾ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੀ ਹੈ, ਪਰ ਉਹ 10 ਸਾਲਾਂ ਵਿੱਚ ਦੇਸ਼ ਭਰ ਵਿੱਚ ਪੈਦਾ ਕੀਤੇ ਲੱਖਾਂ ਕੇਜਰੀਵਾਲ ਨੂੰ ਕਿਵੇਂ ਗ੍ਰਿਫਤਾਰ ਕਰੇਗੀ?


ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ।  ਇੱਥੇ ਆਮ ਲੋਕਾਂ ਨੂੰ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਦਾ ਹੈ।  ਜਦੋਂਕਿ ਹੋਰਨਾਂ ਪਾਰਟੀਆਂ ਵਿੱਚ ਵੱਡੇ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਹੀ ਟਿਕਟਾਂ ਮਿਲਦੀਆਂ ਹਨ।


ਉਨ੍ਹਾਂ ਕਿਹਾ ਕਿ ਅਸੀਂ ਇਰਾਦਿਆਂ ਦੇ ਸਾਫ਼-ਸੁਥਰੇ ਲੋਕ ਹਾਂ।  ਅਸੀਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਏ ਹਾਂ।  ਜਦੋਂ ਕਿ ਉਹ ਲੋਕ ਸੱਤਾ ਵਿੱਚ ਸਿਰਫ ਪੈਸਾ ਕਮਾਉਣ ਲਈ ਆਉਂਦੇ ਹਨ।  ਆਮ ਆਦਮੀ ਪਾਰਟੀ ਦੀ ਤਰਜੀਹ ਸਿਰਫ ਲੋਕ ਸੇਵਾ ਹੈ। ਅਸੀਂ ਇੱਥੇ ਪੈਸਾ ਕਮਾਉਣ ਨਹੀਂ ਸਗੋਂ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਆਏ ਹਾਂ।  ਸਾਨੂੰ ਪੰਜਾਬ 'ਚ ਆਏ ਡੇਢ ਸਾਲ ਹੀ ਹੋਏ ਹਨ ਅਤੇ ਇਨ੍ਹਾਂ ਡੇਢ ਸਾਲਾਂ 'ਚ ਅਸੀਂ ਇੰਨਾ ਕੰਮ ਕੀਤਾ ਹੈ ਜੋ ਪਿਛਲੀਆਂ ਸਰਕਾਰਾਂ ਕਈ ਸਾਲਾਂ 'ਚ ਨਹੀਂ ਕਰ ਸਕੀਆਂ।



ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਜਾਣਬੁੱਝ ਕੇ ਸਾਨੂੰ ਗਰੀਬ ਰੱਖਦੀਆਂ ਹਨ ਅਤੇ ਸਾਡੇ ਬੱਚਿਆਂ ਨੂੰ ਪੜ੍ਹਾਈ ਨਹੀਂ ਕਰਨ ਦਿੰਦੀਆਂ।  ਉਨ੍ਹਾਂ ਨੂੰ ਪਤਾ ਹੈ ਕਿ ਜੇ ਕੇਜਰੀਵਾਲ ਆਇਆ ਤਾਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਏਗਾ।  ਜੇਕਰ ਗਰੀਬਾਂ ਦੇ ਬੱਚੇ ਪੜ੍ਹ-ਲਿਖ ਕੇ ਵੱਡੇ ਅਫਸਰ ਬਣ ਜਾਣ ਤਾਂ ਉਨ੍ਹਾਂ ਦੇ ਘਰਾਂ ਦੀ ਗਰੀਬੀ ਖਤਮ ਹੋ ਜਾਵੇਗੀ।  ਜੇਕਰ ਗ਼ਰੀਬੀ ਖ਼ਤਮ ਹੋ ਗਈ ਤਾਂ ਅਰਜ਼ੀਆਂ ਲੈ ਕੇ ਲੀਡਰਾਂ ਦੇ ਘਰਾਂ ਦੇ ਬਾਹਰ ਲਾਈਨ ਵਿੱਚ ਕੌਣ ਖੜ੍ਹਾ ਹੋਵੇਗਾ?