‘ਹਿੰਦੂ-ਮੁਸਲਿਮ’ ਮੁੱਦੇ ’ਤੇ ਹਰਭਜਨ ਦੀ ਸਿਆਸਤਦਾਨਾਂ ਨੂੰ ਫਿਟਕਾਰ
ਏਬੀਪੀ ਸਾਂਝਾ | 16 Jul 2018 11:54 AM (IST)
ਨਵੀਂ ਦਿੱਲੀ: ਕ੍ਰਿਕੇਟਰ ਹਰਭਜਨ ਸਿੰਘ ਨੇ ਫੀਫਾ ਵਰਲਡ ਕੱਪ ਦੇ ਬਹਾਨੇ ਦੇਸ਼ ਦੀ ਸਿਆਸਤ ਨੂੰ ਵੱਡੀ ਫਿਟਕਾਰ ਲਾਈ ਹੈ। ਕ੍ਰੋਏਸ਼ੀਆ ਦੇ ਫਾਈਨਲ ਖੇਡਣ ਸਬੰਧੀ ਹਰਭਜਨ ਨੇ ਟਵੀਟ ਕੀਤਾ ਕਿ 50 ਲੱਖ ਦੀ ਆਬਾਦੀ ਵਾਲਾ ਦੇਸ਼ ਕ੍ਰੋਏਸ਼ੀਆ ਫੁਟਬਾਲ ਦਾ ਫਾਈਨਲ ਖੇਡ ਗਿਆ ਤੇ ਅਸੀਂ 135 ਕਰੋੜ ਭਾਰਤੀ ਹਿੰਦੂ-ਮੁਸਲਮਾਨ ਖੇਡ ਰਹੇ ਹਾਂ। ਭਾਵੇਂ ਕ੍ਰੋਏਸ਼ੀਆ ਖਿਤਾਬ ਨਹੀਂ ਜਿੱਤ ਸਕਿਆ ਪਰ ਲੋਕ ਉਸ ਦੇ ਸੰਘਰਸ਼ ਦੀ ਕਹਾਣੀ ਤੋਂ ਕਾਫੀ ਪ੍ਰਭਾਵਿਤ ਹੋ ਰਹੇ ਹਨ। ਹਰਭਜਨ ਨੇ ਟਵੀਟ ’ਚ ਕੀ ਲਿਖਿਆ “ਲਗਪਗ 50 ਲੱਖ ਦੀ ਆਬਾਦੀ ਵਾਲਾ ਛੋਟਾ ਜਿਹਾ ਦੇਸ਼ ਕ੍ਰੋਏਸ਼ੀਆ ਫੁਟਬਾਲ ਵਰਲਡ ਕੱਪ ਦਾ ਫਾਈਨਲ ਖੇਡੇਗਾ ਤੇ ਅਸੀਂ 135 ਕਰੋੜ ਭਾਰਤੀ ਹਿੰਦੂ-ਮੁਸਲਮਾਨ ਖੇਡ ਰਹੇ ਹਾਂ। ਸੋਚ ਬਦਲੋ, ਦੇਸ਼ ਬਦਲੇਗਾ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੀਫਾ ਜੇਤੂ ਫਰਾਂਸ ਦੇ ਨਾਲ-ਨਾਲ ਕ੍ਰੋਏਸ਼ੀਆ ਨੂੰ ਵੀ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਦੋਵਾਂ ਦੇਸ਼ਾਂ ਨੂੰ ਵਧਾਈ ਦਿੱਤੀ। ਆਪਣੇ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਇਹ ਬਿਹਤਰੀਨ ਮੈਚ ਸੀ। ਫਰਾਂਸ ਨੂੰ ਵਰਲਡ ਕੱਪ ਜਿੱਤਣ ’ਤੇ ਵਧਾਈ ਜਿਨ੍ਹਾਂ ਪੂਰੇ ਟੂਰਨਾਮੈਂਟ ਤੇ ਖਾਸ ਕਰ ਫਾਈਨਲ ਵਿੱਚ ਸ਼ਾਨਦਾਰ ਖੇਡ ਵਿਖਾਇਆ। ਕ੍ਰੋਏਸ਼ੀਆ ਦੀ ਟੀਮ ਨੂੰ ਵੀ ਉਨ੍ਹਾਂ ਦੇ ਉਤਸ਼ਾਹ ਭਰੇ ਖੇਡ ਲਈ ਵਧਾਈ ਦਿੱਤੀ।