Bharat Bandh: ਅੱਜ ਬੈਂਕ, ਬਾਜ਼ਾਰ ਅਤੇ ਸਕੂਲ ਬੰਦ... ਜਾਣੋ ਕਿਸਾਨ ਸੰਸਥਾਵਾਂ ਤੇ ਟਰੇਡ ਯੂਨੀਅਨਾਂ ਨੇ ਕਿਉਂ ਸੱਦੀ ਹੜਤਾਲ
SKM ਅਤੇ ਦੇਸ਼ ਦੀਆਂ 10 ਮੁੱਖ ਕੇਂਦਰੀ ਟਰੇਡ ਯੂਨੀਅਨਾਂ ਨੇ 12 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੈ। ਇਹ ਬੰਦ ਭਾਰਤ–ਅਮਰੀਕਾ ਅੰਤਰਿਮ ਵਪਾਰ ਸਮਝੌਤੇ, ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਨਵੇਂ ਲੇਬਰ ਕਾਨੂੰਨਾਂ...

ਸੰਯੁਕਤ ਕਿਸਾਨ ਮੋਰਚਾ (SKM) ਅਤੇ ਦੇਸ਼ ਦੀਆਂ 10 ਮੁੱਖ ਕੇਂਦਰੀ ਟਰੇਡ ਯੂਨੀਅਨਾਂ ਨੇ 12 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੈ। ਇਹ ਬੰਦ ਭਾਰਤ–ਅਮਰੀਕਾ ਅੰਤਰਿਮ ਵਪਾਰ ਸਮਝੌਤੇ, ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਨਵੇਂ ਲੇਬਰ ਕਾਨੂੰਨਾਂ ਦੇ ਵਿਰੋਧ ਵਿੱਚ ਬੁਲਾਇਆ ਗਿਆ ਹੈ। ਇਸ ਅੰਦੋਲਨ ਨੂੰ INTUC, AITUC, CITU, HMS ਸਮੇਤ ਕਈ ਰਾਸ਼ਟਰੀ ਯੂਨੀਅਨਾਂ ਦਾ ਸਮਰਥਨ ਮਿਲਿਆ ਹੈ। ਸੰਗਠਨਾਂ ਦਾ ਦਾਅਵਾ ਹੈ ਕਿ ਲਗਭਗ 30 ਕਰੋੜ ਮਜ਼ਦੂਰ ਇਸ ਹੜਤਾਲ ਵਿੱਚ ਹਿੱਸਾ ਲੈ ਸਕਦੇ ਹਨ।
ਬੰਦ ਦੇ ਸਮਰਥਨ ਵਿੱਚ ਕਈ ਬੈਂਕ ਯੂਨੀਅਨਾਂ ਵੀ ਸ਼ਾਮਲ ਹੋ ਰਹੀਆਂ ਹਨ, ਜਿਸ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। AIBEA, AIBOA ਅਤੇ BEFI ਵਰਗੀਆਂ ਯੂਨੀਅਨਾਂ ਨੇ ਹੜਤਾਲ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਸਰਕਾਰੀ ਖੇਤਰ ਦੇ ਬੈਂਕਾਂ ਵਿੱਚ ਕੰਮਕਾਜ ’ਤੇ ਅਸਰ ਪੈ ਸਕਦਾ ਹੈ।
ਭਾਰਤ ਬੰਦ ਕਿਹੜੇ ਮੁੱਦਿਆਂ ਨੂੰ ਲੈ ਕੇ ਹੈ?
ਕਿਸਾਨ, ਮਜ਼ਦੂਰ ਅਤੇ ਕਰਮਚਾਰੀ ਸੰਗਠਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਕਈ ਮੰਗਾਂ ਰੱਖੀਆਂ ਹਨ। ਮੁੱਖ ਮੰਗਾਂ ਵਿੱਚ ਭਾਰਤ–ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦਾ ਵਿਰੋਧ, ਚਾਰ ਨਵੇਂ ਲੇਬਰ ਕੋਡ ਵਾਪਸ ਲੈਣ ਦੀ ਮੰਗ, ਸਰਕਾਰੀ ਉਪਕਰਮਾਂ ਦੇ ਨਿੱਜੀਕਰਨ ਦਾ ਵਿਰੋਧ, ਪੁਰਾਣੀ ਪੈਨਸ਼ਨ ਯੋਜਨਾ (OPS) ਦੀ ਬਹਾਲੀ, ਘੱਟੋ-ਘੱਟ ਤਨਖਾਹ ਵਿੱਚ ਵਾਧਾ, ਨਿਰਮਾਣ ਅਤੇ ਬਿਜਲੀ ਖੇਤਰ ਦੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਅਤੇ ਖੇਤੀਬਾੜੀ ਨੀਤੀਆਂ ਵਿੱਚ ਤਬਦੀਲੀਆਂ ਸ਼ਾਮਲ ਹਨ।
ਕਈ ਰਾਜਾਂ ਵਿੱਚ ਬੱਸ, ਆਟੋ-ਰਿਕਸ਼ਾ ਅਤੇ ਟਰੱਕ ਯੂਨੀਅਨਾਂ ਦੇ ਵੀ ਹੜਤਾਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਆਵਾਜਾਈ ਸੇਵਾਵਾਂ ’ਤੇ ਵਿਆਪਕ ਅਸਰ ਪੈ ਸਕਦਾ ਹੈ।
ਕਿਹੜੀਆਂ ਸੇਵਾਵਾਂ ’ਤੇ ਪੈ ਸਕਦਾ ਹੈ ਅਸਰ?
ਆਵਾਜਾਈ ਸੇਵਾਵਾਂ: ਕਈ ਰਾਜਾਂ ਵਿੱਚ ਬੱਸਾਂ, ਆਟੋ ਅਤੇ ਟਰੱਕ ਯੂਨੀਅਨਾਂ ਦੇ ਸਮਰਥਨ ਕਾਰਨ ਸਰਕਾਰੀ ਅਤੇ ਨਿੱਜੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਵੱਡੇ ਸ਼ਹਿਰਾਂ ਵਿੱਚ ਟ੍ਰੈਫ਼ਿਕ ਪ੍ਰਬੰਧ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।
ਬੈਂਕਿੰਗ ਸੇਵਾਵਾਂ: ਸਰਕਾਰੀ ਖੇਤਰ ਦੇ ਬੈਂਕਾਂ ਵਿੱਚ ਕਾਊਂਟਰ ਸੇਵਾਵਾਂ ਸੁਸਤ ਰਹਿ ਸਕਦੀਆਂ ਹਨ ਅਤੇ ਚੈਕ ਕਲੀਅਰੈਂਸ ਵਿੱਚ ਦੇਰੀ ਹੋ ਸਕਦੀ ਹੈ। ਹਾਲਾਂਕਿ ਬੈਂਕ ਅਧਿਕਾਰਿਕ ਤੌਰ ’ਤੇ ਬੰਦ ਨਹੀਂ ਰਹਿਣਗੇ। ਆਨਲਾਈਨ ਬੈਂਕਿੰਗ, ਡਿਜ਼ੀਟਲ ਭੁਗਤਾਨ ਅਤੇ ਏਟੀਐਮ ਸੇਵਾਵਾਂ ਆਮ ਤਰ੍ਹਾਂ ਜਾਰੀ ਰਹਿਣਗੀਆਂ।
ਬਾਜ਼ਾਰ ਅਤੇ ਵਪਾਰ: ਕਈ ਵਪਾਰਕ ਸੰਗਠਨਾਂ ਅਤੇ ਮੰਡੀਆਂ ਨੇ ਹੜਤਾਲ ਨੂੰ ਸਮਰਥਨ ਦਿੱਤਾ ਹੈ, ਜਿਸ ਨਾਲ ਥੋਕ ਅਤੇ ਖੁਦਰਾ ਬਾਜ਼ਾਰ ਅੰਸ਼ਕ ਜਾਂ ਪੂਰੀ ਤਰ੍ਹਾਂ ਬੰਦ ਰਹਿ ਸਕਦੇ ਹਨ।
ਸਰਕਾਰੀ ਦਫ਼ਤਰ: ਜਿੱਥੇ ਟਰੇਡ ਯੂਨੀਅਨਾਂ ਦਾ ਪ੍ਰਭਾਵ ਵੱਧ ਹੈ, ਉੱਥੇ ਕਰਮਚਾਰੀਆਂ ਦੀ ਹਾਜ਼ਰੀ ਘੱਟ ਰਹਿ ਸਕਦੀ ਹੈ, ਜਿਸ ਨਾਲ ਕੰਮਕਾਜ ਸੁਸਤ ਹੋ ਸਕਦਾ ਹੈ।
ਸਕੂਲ ਅਤੇ ਕਾਲਜ: ਸਥਾਨਕ ਪ੍ਰਸ਼ਾਸਨ ਹਾਲਾਤ ਦੇ ਮੁਤਾਬਕ ਫੈਸਲਾ ਲੈ ਸਕਦਾ ਹੈ। ਆਵਾਜਾਈ ਅਤੇ ਸੁਰੱਖਿਆ ਕਾਰਨਾਂ ਕਰਕੇ ਕੁਝ ਜ਼ਿਲ੍ਹਿਆਂ ਵਿੱਚ ਛੁੱਟੀ ਵੀ ਘੋਸ਼ਿਤ ਕੀਤੀ ਜਾ ਸਕਦੀ ਹੈ।
ਕਿਹੜੀਆਂ ਸੇਵਾਵਾਂ ਰਹਿਣਗੀਆਂ ਆਮ?
ਹਸਪਤਾਲ, ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਆਮ ਤਰ੍ਹਾਂ ਚੱਲਦੀਆਂ ਰਹਿਣਗੀਆਂ। ਅੱਗ ਬੁਝਾਉ ਵਿਭਾਗ, ਹਵਾਈ ਯਾਤਰਾ ਅਤੇ ਏਅਰਪੋਰਟ ਦੀ ਕਾਰਗੁਜ਼ਾਰੀ ’ਤੇ ਕੋਈ ਅਸਰ ਨਹੀਂ ਪਵੇਗਾ। ਡਿਜ਼ਿਟਲ ਬੈਂਕਿੰਗ ਅਤੇ ਏਟੀਐਮ ਸੇਵਾਵਾਂ ਵੀ ਜਾਰੀ ਰਹਿਣਗੀਆਂ।
ਕੀ 12 ਫਰਵਰੀ ਨੂੰ ਬੈਂਕ ਬੰਦ ਰਹਿਣਗੇ?
ਭਾਰਤੀ ਰਿਜ਼ਰਵ ਬੈਂਕ ਜਾਂ ਕਿਸੇ ਵੀ ਬੈਂਕ ਵੱਲੋਂ 12 ਫਰਵਰੀ ਲਈ ਕੋਈ ਸਰਕਾਰੀ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ। ਬੈਂਕ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ, ਪਰ ਯੂਨੀਅਨਾਂ ਦੀ ਹਿੱਸੇਦਾਰੀ ਕਾਰਨ ਕੁਝ ਸੇਵਾਵਾਂ ਵਿੱਚ ਆਂਸ਼ਿਕ ਰੁਕਾਵਟ ਆ ਸਕਦੀ ਹੈ।
ਜੇ ਤੁਸੀਂ 12 ਫਰਵਰੀ ਨੂੰ ਘਰ ਤੋਂ ਬਾਹਰ ਜਾਣ ਦਾ ਪਲੇਨ ਬਣਾ ਰਹੇ ਹੋ ਤਾਂ ਆਪਣੇ ਸ਼ਹਿਰ ਦੀ ਆਵਾਜਾਈ ਸਥਿਤੀ ਪਹਿਲਾਂ ਚੈਕ ਕਰ ਲਵੋ। ਬੈਂਕ ਦੇ ਕੰਮ ਸੰਭਵ ਹੋਵੇ ਤਾਂ ਆਨਲਾਈਨ ਨਿਪਟਾਓ ਅਤੇ ਬਾਜ਼ਾਰ ਜਾਂ ਸਰਕਾਰੀ ਦਫ਼ਤਰ ਜਾਣ ਤੋਂ ਪਹਿਲਾਂ ਸਥਾਨਕ ਅੱਪਡੇਟ ਜ਼ਰੂਰ ਵੇਖੋ।























