Himachal Pradesh: ਚੰਬਾ ਜ਼ਿਲ੍ਹੇ ਦੇ ਭਟੀਆ ਉਪਮੰਡਲ ਦੇ ਪਿੰਡ ਚੂਡਾਣਾ ਵਿੱਚ ਮੀਂਹ ਕਾਰਨ ਰੁੜ੍ਹੇ ਮਲਬੇ ਵਿੱਚ ਦੱਬ ਕੇ ਪਤੀ, ਪਤਨੀ ਅਤੇ ਪੁੱਤਰ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮਲਬੇ ਵਿੱਚ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਪਿੰਡ ਚੂਡਾਣਾ ਦਾ ਧਰਮਲਾਲ ਆਪਣੀ ਪਤਨੀ ਅਤੇ 15 ਸਾਲਾ ਬੇਟੇ ਨਾਲ ਸਲੇਟ ਨਾਲ ਢੱਕੇ ਮਕਾਨ ਵਿੱਚ ਸੁੱਤਾ ਪਿਆ ਸੀ ਕਿ ਸ਼ੁੱਕਰਵਾਰ ਦੇਰ ਰਾਤ ਮੀਂਹ ਨਾਲ ਵਹਿਣ ਵਾਲਾ ਮਲਬਾ ਘਰ ਦੀ ਕੰਧ ਨੂੰ ਤੋੜ ਕੇ ਅੰਦਰ ਚਲਾ ਗਿਆ।


ਤਿੰਨੋਂ ਮਲਬੇ ਹੇਠਾਂ ਦੱਬ ਗਏ। ਮਕਾਨ ਦੀ ਕੰਧ ਡਿੱਗਣ ਦੀ ਆਵਾਜ਼ ਸੁਣ ਕੇ ਨਾਲ ਵਾਲੇ ਮਕਾਨ 'ਚ ਸੁੱਤੇ ਪਏ ਲੋਕ ਨੀਂਦ ਤੋਂ ਜਾਗ ਗਏ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਪਰ ਉਦੋਂ ਤੱਕ ਮਲਬੇ ਹੇਠਾਂ ਦੱਬੇ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਐਸਡੀਐਮ ਜਗਨ ਠਾਕੁਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ


ਦੱਸ ਦੇਈਏ ਕਿ ਦੇਰ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਮੰਡੀ ਜ਼ਿਲ੍ਹੇ ਵਿੱਚ ਤਬਾਹੀ ਮਚੀ ਹੋਈ ਹੈ। ਮੰਡੀ ਜ਼ਿਲ੍ਹੇ ਦੇ ਗੋਹਰ ਉਪਮੰਡਲ ਦੇ ਪੰਚਾਇਤ ਕਸ਼ਾਨ ਦੇ ਪਿੰਡ ਜਾਦੋਂ 'ਚ ਇੱਕ ਹੀ ਪਰਿਵਾਰ ਦੇ 7 ਲੋਕਾਂ ਦੇ ਪਹਾੜੀ ਹੇਠਾਂ ਦੱਬੇ ਜਾਣ ਦੀ ਖਬਰ ਸਾਹਮਣੇ ਆਈ ਹੈ। ਕਾਸ਼ਨ ਪੰਚਾਇਤ ਦੇ ਮੌਜੂਦਾ ਪ੍ਰਧਾਨ ਖੇਮ ਸਿੰਘ ਦੇ ਪੱਕੇ ਮਕਾਨ 'ਤੇ ਘਰ ਦੇ ਪਿੱਛੇ ਪਹਾੜ ਤੋਂ ਮਲਬਾ ਆਉਣ ਕਾਰਨ ਸਾਰੇ ਲੋਕ ਦੱਬ ਗਏ ਹਨ।


ਜਾਣਕਾਰੀ ਅਨੁਸਾਰ ਖੇਮ ਸਿੰਘ ਦੇ ਦੋ ਮੰਜ਼ਿਲਾ ਮਕਾਨ ਵਿੱਚ ਪਰਿਵਾਰ ਦੇ ਸਾਰੇ ਜੀਅ ਸੁੱਤੇ ਪਏ ਸਨ। ਇਸ ਦੌਰਾਨ ਦੇਰ ਰਾਤ ਤੋਂ ਲਗਾਤਾਰ ਪੈ ਰਹੇ ਤੇਜ਼ ਮੀਂਹ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਘਰ ਸਮੇਤ ਪਰਿਵਾਰ ਦੇ 7 ਜੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਕਾਰਨ ਕਸ਼ਾਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਹੈ। ਪਿੰਡ ਵਾਸੀਆਂ ਵੱਲੋਂ ਖੇਮ ਸਿੰਘ ਦੇ ਪਰਿਵਾਰ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਬਚਾਅ ਟੀਮ ਅਜੇ ਮੌਕੇ 'ਤੇ ਨਹੀਂ ਪਹੁੰਚੀ ਹੈ।


ਸਬ ਡਿਵੀਜ਼ਨ ਵਿੱਚ ਦਰਜਨਾਂ ਥਾਵਾਂ ’ਤੇ ਭਾਰੀ ਢਿੱਗਾਂ ਡਿੱਗਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਸੜਕ ਜਾਮ ਹੋਣ ਕਾਰਨ ਗੋਹਰ ਪ੍ਰਸ਼ਾਸਨ ਦੇ ਅਧਿਕਾਰੀ ਵੀ ਜ਼ਮੀਨ ਖਿਸਕਣ ਵਿੱਚ ਫਸੇ ਹੋਏ ਹਨ। ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੀ ਜੇਸੀਬੀ ਮਸ਼ੀਨ ਸੜਕਾਂ ਨੂੰ ਖੋਲ੍ਹਣ ਵਿੱਚ ਲੱਗੀ ਹੋਈ ਹੈ। ਐਸਡੀਐਮ ਗੋਹਰ ਰਮਨ ਸ਼ਰਮਾ ਨੇ ਦੱਸਿਆ ਕਿ ਬਚਾਅ ਟੀਮ ਨੂੰ ਮੌਕੇ ’ਤੇ ਪੁੱਜਣ ਵਿੱਚ ਮੁਸ਼ਕਲ ਆ ਰਹੀ ਹੈ।