ਜੈਪੁਰ: ਅੱਜ ਦੇਸ਼ ਦੇ ਤਿੰਨ ਵੱਡੇ ਸੂਬਿਆਂ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਸਹੁੰ ਚੁੱਕ ਰਹੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਅਸ਼ੋਕ ਗਹਿਲੋਤ ਤੇ ਉਪ ਮੁੱਖ ਮੰਤਰੀ ਵਜੋਂ ਸਚਿਨ ਪਾਇਲਟ ਨੇ ਸਹੁੰ ਚੁੱਕ ਲਈ ਹੈ। ਇਸ ਸਹੁੰ ਚੁੱਕ ਸਮਾਗਮ ਨੂੰ ਵਿਰੋਧੀ ਏਕਤਾ ਵਜੋਂ ਵੇਖਿਆ ਜਾ ਰਿਹਾ ਹੈ। ਵਿਰੋਧੀ ਦਲ ਦੇ ਵੱਡੇ ਲੀਡਰ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ।

ਅਸ਼ੋਕ ਗਹਿਲੋਤ ਦੇ ਸਹੁੰ ਚੁੱਕ ਸਮਾਗਮ ਵਿੱਚ ਕਰਨਾਟਕ ਵਿੱਚ ਹੋਏ ਕੁਮਾਰ ਸਵਾਮੀ ਦੇ ਸਹੁੰ ਚੁੱਕ ਸਮਾਗਮ ਵਾਂਗ ਵਿਰੋਧੀ ਧਿਰ ਦੀ ਏਕਤਾ ਦਿਖਾਉਣ ਵਜੋਂ ਵੇਖਿਆ ਜਾ ਰਿਹਾ ਹੈ। ਵਿਰੋਧੀਆਂ ਸਮੇਤ ਸਮਾਗਮ ਵਿੱਚ ਕਾਂਗਰਸ ਦੇ ਵੀ ਵੱਡੇ ਲੀਡਰ ਸ਼ਾਮਲ ਹੋਏ। ਇਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ, ਕਾਂਗਰਸੀ ਲੀਡਰ ਆਨੰਦ ਸ਼ਰਮਾ, ਤਾਰਿਕ ਅਨਵਰ, ਸ਼ਰਦ ਯਾਦਵ, ਡੀਐਮਕੇ ਲੀਡਰ ਐਮਕੇ ਸਟਾਲਿਨ ਤੇ ਹੋਰ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਸਾਬਕਾ ਪੀਐਮ ਐਚਡੀ ਦੇਵਗੌੜਾ, ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸਵਾਮੀ, ਜੰਮੂ ਕਸ਼ਮੀਰ ਦੇ ਸਾਬਕਾ ਸੀਐਮ ਫਾਰੂਕ ਅਬਦੁੱਲਾ ਤੇ ਬਿਹਾਰ ਵਿੱਚ ਵਿਰੋਧੀ ਲੀਡਰ ਤੇਜੱਸਵੀ ਯਾਦਵ ਵੀ ਗਹਿਲੋਤ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ।

ਇਨ੍ਹਾਂ ਤੋਂ ਇਲਾਵਾ ਕੇਜਰੀਵਾਲ ਦੀ ਪਾਰਟੀ ਦੇ ਲੀਡਰ ਸੰਜੈ ਸਿੰਘ ਵੀ ਸਮਾਗਮ ਵਿੱਚ ਹਾਜ਼ਰ ਸਨ। ਉਨ੍ਹਾਂ ਦੀ ਹਾਜ਼ਰੀ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਦਿੱਲੀ ਵਿੱਚ ਆਉਣ ਵਾਲੇ ਦਿਨਾਂ ’ਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਕਿਸੇ ਤਰ੍ਹਾਂ ਦਾ ਗਠਜੋੜ ਹੋ ਸਕਦਾ ਹੈ। ਮੋਦੀ ਕੈਬਨਿਟ ਤੋਂ ਹਾਲ ਹੀ ਵਿੱਚ ਨਾਤਾ ਤੋੜਨ ਵਾਲੇ ਉਪੇਂਦਰ ਕੁਸ਼ਵਾਹਾ ਵੀ ਇਸ ਸਮਾਗਮ ਵਿੱਚ ਸ਼ਰੀਕ ਹੋਏ।