ਪਟਨਾ: ਅਰੁਣਾਚਲ ਪ੍ਰਦੇਸ਼ ਮੁੱਦੇ 'ਤੇ ਬਿਹਾਰ ਦੇ ਦੋਵੇਂ ਉੱਪ ਮੁੱਖ ਮੰਤਰੀਆਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ਤੋਂ ਬਾਅਦ ਬਿਹਾਰ ’ਚ ਸਿਆਸੀ ਮਾਹੌਲ ਨਿੱਤ ਦਿਨ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰ ਵੀ ਪੂਰੀ ਤਰ੍ਹਾਂ ਚੌਕਸ ਹੈ ਕਿ ਛੇਤੀ ਤੋਂ ਛੇਤੀ ਐਨਡੀਏ ’ਚ ਕੁਝ ਵੱਡਾ ਹੋਵੇ ਤੇ ਮਹਾਂਗੱਠਜੋੜ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲ ਜਾਵੇ। ਰੋਜ਼ਾਨਾ ਵਿਰੋਧੀ ਧਿਰ ਦੇ ਆਗੂਆਂ ਦੇ ਬਿਆਨ ਐਨਡੀਏ ਵਿਰੁੱਧ ਆ ਰਹੇ ਹਨ।
ਹੁਣ ਕਾਂਗਰਸੀ ਆਗੂ ਤੇ ਸਾਬਕਾ ਐਮਪੀ ਕੀਰਤੀ ਆਜ਼ਾਦ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਐਨਡੀਏ ਸਰਕਾਰ ਕਦੇ ਵੀ ਡਿੱਗ ਸਕਦੀ ਹੈ। ਇਸ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ ਆਗੂ ਸ਼ਿਆਮ ਰਜਕ ਨੇ ਨੀਤੀਸ਼ ਕੁਮਾਰ ਦੇ 17 ਵਿਧਾਇਕਾਂ ਨਾਲ ਸੰਪਰਕ ਹੋਣ ਦਾ ਦਾਅਵਾ ਕੀਤਾ ਸੀ।
ਕੀਰਤੀ ਆਜ਼ਾਦ ਨੇ ਕਿਹਾ ਕਿ ਜਨਤਾ ਦਲ (ਯੂਨਾਈਟਿਡ) ਦੇ ਵਿਧਾਇਕ ਵੱਡੀ ਗਿਣਤੀ ’ਚ ਟੁੱਟ ਕੇ ਮਹਾਂਗੱਠਜੋੜ ਨਾਲ ਆਉਣ ਵਾਲੇ ਹਨ ਤੇ ਸਾਰੇ ਲਗਾਤਾਰ ਸੰਪਰਕ ਵਿੱਚ ਵੀ ਬਣੇ ਹੋਏ ਹਨ। ਕੀਰਤੀ ਆਜ਼ਾਦ ਨੇ ਕਿਹਾ ਕਿ ਬੱਸ ਸਮੇਂ ਦੀ ਉਡੀਕ ਹੈ ਤੇ ਉਹ ਸਮਾਂ ਵੀ ਬਹੁਤ ਛੇਤੀ ਆਉਣ ਵਾਲਾ ਹੈ, ਜਦੋਂ ਬਿਹਾਰ ’ਚ ਐਨਡੀਏ ਦੀ ਸਰਕਾਰ ਖ਼ਤਮ ਹੋ ਜਾਵੇਗੀ ਤੇ ਮਹਾਂਗੱਠਜੋੜ ਦੀ ਸਰਕਾਰ ਬਣੇਗੀ।
ਕੀਰਤੀ ਆਜ਼ਾਦ ਨੇ ਦਾਅਵਾ ਕੀਤਾ ਹੈ ਕਿ ਇਸ ਵੇਲੇ ਜਨਤਾ ਦਲ (ਯੂਨਾਈਟਿਡ) ਦੇ ਸਾਰੇ ਵਿਧਾਇਕ ਭਾਜਪਾ ਤੋਂ ਦੁਖੀ ਹਨ। ਬੀਤੇ ਦਿਨੀ ਕਾਂਗਰਸ ’ਚ ਫੁੱਟ ਦੀਆਂ ਖ਼ਬਰਾਂ ਨੂੰ ਕੀਰਤੀ ਆਜ਼ਾਦ ਨੇ ਮੁੱਢੋਂ ਰੱਦ ਕੀਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ