Delhi IAS Basement Case:  ਦਿੱਲੀ ਦੇ ਓਲਡ ਰਾਜੇਂਦਰ ਨਗਰ 'ਚ ਸ਼ਨੀਵਾਰ (27 ਜੁਲਾਈ) ਨੂੰ ਇਕ ਕੋਚਿੰਗ ਇੰਸਟੀਚਿਊਟ ਦੇ ਬੇਸਮੈਂਟ 'ਚ ਪਾਣੀ ਭਰ ਜਾਣ ਕਾਰਨ 3 ਵਿਦਿਆਰਥੀਆਂ ਦੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਘਟਨਾ ਦਾ ਵਿਰੋਧ ਕਰਨ ਲਈ ਕਰੋਲ ਬਾਗ ਮੈਟਰੋ ਸਟੇਸ਼ਨ ਨੇੜੇ ਸੈਂਕੜੇ ਵਿਦਿਆਰਥੀ ਇਕੱਠੇ ਹੋਏ ਹਨ। ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰਾਂ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਹਨ।


ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ, ਮੈਂ ਕੱਲ੍ਹ ਦਿੱਲੀ ਦੇ ਇੱਕ ਕੋਚਿੰਗ ਸੈਂਟਰ ਵਿੱਚ ਆਪਣੀ ਜਾਨ ਗੁਆਉਣ ਵਾਲੇ ਤਿੰਨ UPSC ਉਮੀਦਵਾਰਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਇਹ ਆਮ ਆਦਮੀ ਪਾਰਟੀ ਦੀ ਨਾਕਾਮੀ ਹੈ ਜਿਸ ਨੇ ਨਿਕਾਸੀ ਤੇ ਪਾਣੀ ਦੇ ਪ੍ਰਬੰਧਨ ਦੇ ਮੁੱਦਿਆਂ ਨੂੰ ਹੱਲ ਨਹੀਂ ਕੀਤਾ।






ਜ਼ਿਕਰ ਕਰ ਦਈਏ ਕਿ ਸ਼ਨੀਵਾਰ ਸ਼ਾਮ ਦਿੱਲੀ ਦੇ ਰਾਜੇਂਦਰ ਨਗਰ ਇਲਾਕੇ 'ਚ ਭਾਰੀ ਮੀਂਹ ਪਿਆ। ਮੀਂਹ ਦੌਰਾਨ ਪੁਰਾਣੇ ਰਾਜਿੰਦਰ ਨਗਰ ਸਥਿਤ ਰਾਓ ਆਈਏਐਸ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਅਚਾਨਕ ਪਾਣੀ ਭਰ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਰੋਸ ਹੈ। 


ਦਿੱਲੀ ਪੁਲਿਸ ਨੇ ਇਸ ਮਾਮਲੇ ਸਬੰਧੀ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਬੀਐਨਐਸ ਦੀ ਧਾਰਾ 105, 106 (1), 152, 290 ਅਤੇ 35 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਫਿਲਹਾਲ ਦਿੱਲੀ ਪੁਲਸ ਕੋਚਿੰਗ ਸੈਂਟਰ ਦੇ ਸੰਚਾਲਕ ਤੋਂ ਪੁੱਛਗਿੱਛ ਕਰ ਰਹੀ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।