ਚੰਡੀਗੜ੍ਹ: ਕਿਸਾਨ ਅੰਦੋਲਨ (Farmer Protest) ਨੇ ਬੀਜੇਪੀ ਨੂੰ ਵੱਡੇ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ। ਮੋਦੀ ਸਰਕਾਰ (Central goverment) ਦੀ ਜਿੱਦ ਕਰਕੇ ਹੁਣ ਬੀਜੇਪੀ ਲੀਡਰ ਤੇ ਐਨਡੀਏ ਦੇ ਭਾਈਵਾਲ ਵੀ ਪਾਸਾ ਵੱਟਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੋਂ ਬਾਅਦ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਨੇ ਵੀ ਐਨਡੀਏ ਤੋਂ ਬਾਹਰ ਜਾਣ ਦੀ ਧਮਕੀ ਦਿੱਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਨਾਗਪੁਰ ਤੋਂ ਰਾਸ਼ਟਰੀ ਲੋਕਤਾਂਤਰਿਕ ਪਾਰਟੀ (RPL) ਦੇ ਸੰਸਦ ਮੈਂਬਰ ਹਨੂਮਾਨ ਬੇਨੀਵਾਲ (Hanuman Beniwal) ਨੇ ਕਿਹਾ ਹੈ ਜੇਕਰ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤਾਂ ਪਾਰਟੀ ਵੱਲੋਂ ਕੇਂਦਰ ਨੂੰ ਸਮਰਥਨ ’ਤੇ ਦੁਬਾਰਾ ਗੌਰ ਕੀਤਾ ਜਾਵੇਗਾ। ਆਰਐਲਪੀ ਦੇ ਕਨਵੀਨਰ ਬੇਨੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਿੰਨੇ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਅਪੀਲ ਕੀਤੀ। ਬੇਨੀਵਾਲ ਆਰਐਲਪੀ ਦੇ ਇਕਲੌਤੇ ਸੰਸਦ ਮੈਂਬਰ ਹਨ, ਜਦਕਿ ਰਾਜਸਥਾਨ ’ਚ ਪਾਰਟੀ ਦੇ ਤਿੰਨ ਵਿਧਾਇਕ ਹਨ।

ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬੀਜੇਪੀ ਲੀਡਰ ਪਵਨ ਗੋਇਲ ਬੰਟੀ ਦੇ ਘਰ ਦੇ ਘਿਰਾਓ ਦੇ 25ਵੇਂ ਦਿਨ ਉਸ ਤੋਂ ਭਾਰਤੀ ਜਨਤਾ ਪਾਰਟੀ ਤੋਂ ਅਸਤੀਫ਼ਾ ਦਿਵਾਉਣ ਵਿੱਚ ਸਫ਼ਲ ਹੋ ਗਈ। ਨਿਹਾਲ ਸਿੰਘ ਵਾਲਾ ਵਿੱਚ ਭਾਜਪਾ ਆਗੂ ਤੇ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਗੋਇਲ ਬੰਟੀ ਦੇ ਘਰ ਦਾ ਘਿਰਾਓ ਕੀਤਾ ਹੋਇਆ ਸੀ। ਸੋਮਵਾਰ ਘਿਰਾਓ ਦੇ 25ਵੇਂ ਦਿਨ ਭਾਜਪਾ ਆਗੂ ਪਵਨ ਬੰਟੀ ਨੇ ਧਰਨੇ ਵਿੱਚ ਪੁੱਜ ਕੇ ਭਾਜਪਾ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ।

ਬੀਜੇਪੀ ਨੂੰ ਹਰਿਆਣਾ ਵਿੱਚ ਵੀ ਸੇਕ ਲੱਗਣਾ ਸ਼ੁਰੂ ਹੋ ਗਿਆ ਹੈ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹਰਿਆਣਾ ਤੋਂ ਵਿਧਾਇਕ ਸੋਮਬੀਰ ਸਾਂਗਵਾਨ ਨੇ ਸੂਬੇ ਦੇ ਪਸ਼ੂਧਨ ਵਿਕਾਸ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸਾਂਗਵਾਨ ਆਜ਼ਾਦ ਵਿਧਾਇਕ ਹੈ, ਜਿਸ ਵੱਲੋਂ ਸੂਬੇ ਦੀ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੂੰ ਹਮਾਇਤ ਕੀਤੀ ਜਾ ਰਹੀ ਹੈ।

ਵਿਧਾਇਕ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਭੇਜੇ ਪੱਤਰ ਵਿੱਚ ਕਿਹਾ, ‘ਮੈਂ ਕਿਸਾਨਾਂ ਦੀ ਹਮਾਇਤ ’ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੂਰੇ ਮੁਲਕ ਵਾਂਗ ਮੇਰੇ ਅਸੈਂਬਲੀ ਹਲਕੇ ਦੇ ਕਿਸਾਨ ਵੀ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ। ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਪੂਰੀ ਹਮਾਇਤ ਦੇਣੀ ਮੇਰੀ ਤਰਜੀਹ ਤੇ ਨੈਤਿਕ ਜ਼ਿੰਮੇਵਾਰੀ ਵੀ ਹੈ। ਮੈਂ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਨ ਮਗਰੋਂ ਕਿਸਾਨਾਂ ਨੂੰ ਪੂਰਨ ਹਮਾਇਤ ਦਿੱਤੀ ਹੈ।’

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904