ਨਵੀਂ ਦਿੱਲੀ: ਚੀਤਿਆਂ ਨੂੰ ਲੈ ਕੇ ਬੀਜੇਪੀ ਤੇ ਕਾਂਗਰਸ ਆਹਮੋ ਸਾਹਮਣੇ ਆ ਗਈਆਂ ਹਨ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਅੱਜ ਟਵਿੱਟਰ ’ਤੇ ਪੱਤਰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਨੇ 2009 ਵਿੱਚ ‘ਪ੍ਰਾਜੈਕਟ ਚੀਤਾ’ ਦੀ ਸ਼ੁਰੂਆਤ ਕੀਤੀ ਤੇ ਭਾਰਤ ਵਿੱਚ ਚੀਤਿਆਂ ਨੂੰ ਲਿਆਉਣ ਲਈ ਪਿਛਲੀਆਂ ਸਰਕਾਰਾਂ ਵੱਲੋਂ ਰਚਨਾਤਮਕ ਕੋਸ਼ਿਸ਼ਾਂ ਨਾ ਕੀਤੇ ਜਾਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸ਼ਾਂ ’ਤੇ ਉਨ੍ਹਾਂ ਝੂਠਾ ਕਰਾਰ ਦਿੱਤਾ। 





ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਸ਼ਨਿਚਰਵਾਰ ਨੂੰ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆ ਕਿਹਾ ਸੀ ਕਿ ਸੱਤ ਦਹਾਕੇ ਪਹਿਲਾਂ ਦੇਸ਼ ’ਚੋਂ ਅਲੋਪ ਹੋਣ ਤੋਂ ਬਾਅਦ ਭਾਰਤ ਵਿੱਚ ਚੀਤਿਆਂ ਨੂੰ ਮੁੜ ਲਿਆਉਣ ਲਈ ਕੋਈ ਰਚਨਾਤਮਕ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ।



ਰਮੇਸ਼ ਨੇ ਟਵੀਟ ਕੀਤਾ, ‘‘ਇਹ ਉਹ ਪੱਤਰ ਹੈ, ਜਿਸ ਰਾਹੀਂ 2009 ਵਿੱਚ ‘ਪ੍ਰਾਜੈਕਟ ਚੀਤਾ’ ਸ਼ੁਰੂ ਕੀਤਾ ਗਿਆ ਸੀ। ਸਾਡੇ ਪ੍ਰਧਾਨ ਮੰਤਰੀ ਝੂਠੇ ਹਨ। ਮੈਂ ਕੱਲ੍ਹ ਇਹ ਪੱਤਰ ਜਾਰੀ ਨਹੀਂ ਕਰ ਸਕਿਆ ਕਿਉਂਕਿ ਮੈਂ ‘ਭਾਰਤ ਛੋੜੋ ਯਾਤਰਾ’ ਵਿੱਚ ਵਿਅਸਤ ਸੀ।’’ 



ਟਵੀਟ ਦੇ ਨਾਲ ਉਨ੍ਹਾਂ ਨੇ ਉਹ ਪੱਤਰ ਸਾਂਝਾ ਕੀਤਾ, ਜੋ ਉਨ੍ਹਾਂ ਨੇ ਤਤਕਾਲੀ ਵਾਤਾਵਰਨ ਤੇ ਜੰਗਲਾਤ ਮੰਤਰੀ ਵਜੋਂ 2009 ਵਿੱਚ ਭਾਰਤੀ ਵਣਜੀਵ ਟਰੱਸਟ ਦੇ ਐਮਕੇ ਰੰਜੀਤ ਸਿੰਘ ਨੂੰ ਲਿਖਿਆ ਸੀ। ਪੱਤਰ ਵਿੱਚ ਰਮੇਸ਼ ਨੇ ਰੰਜੀਤ ਸਿੰਘ ਨੂੰ ਚੀਤਿਆਂ ਦੇ ਪੁਨਰਵਾਸ ਲਈ ਇਕ ਕਾਰਜ ਯੋਜਨਾ ਤਿਆਰ ਕਰਨ ਤੇ ਉਸ ਵਿੱਚ ਪੁਨਰਵਾਸ ਲਈ ਵੱਖ-ਵੱਖ ਸੰਭਾਵੀ ਥਾਵਾਂ ਦਾ ਵਿਸਥਾਰ ਵਿਸ਼ਲੇਸ਼ਣ ਸ਼ਾਮਲ ਕਰਨ ਨੂੰ ਕਿਹਾ ਸੀ। ਰਮੇਸ਼ ਦੀ ਇਸ ਟਿੱਪਣੀ ’ਤੇ ਭਾਰਤੀ ਜਨਤਾ ਪਾਰਟੀ ਵੱਲੋਂ ਤਤਕਾਲ ਕੋਈ ਪ੍ਰਤੀਕਿਰਿਆ ਨਹੀਂ ਆਈ।



ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੱਤ ਦਹਾਕੇ ਪਹਿਲਾਂ ਅਲੋਪ ਹੋਣ ਤੋਂ ਬਾਅਦ ਦੇਸ਼ ’ਚ ਚੀਤਿਆਂ ਦੇ ਮੁੜ ਵਸੇਬੇ ਲਈ ਦਹਾਕਿਆਂ ਤੱਕ ਕੋਈ ਉਸਾਰੂ ਕੋਸ਼ਿਸ਼ਾਂ ਨਹੀਂ ਕੀਤੀ ਗਈਆਂ। ਮੋਦੀ ਨੇ ਕਿਹਾ ਕਿ ਪ੍ਰਾਜੈਕਟ ਚੀਤਾ ਤਹਿਤ ਉਨ੍ਹਾਂ ਦੀ ਸਰਕਾਰ ਨੇ ਵਾਤਾਵਰਨ ਤੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਦਾ ਉਪਰਾਲਾ ਕੀਤਾ ਹੈ। 


ਮੋਦੀ ਨੇ ਆਪਣੇ 72ਵੇਂ ਜਨਮ ਦਿਵਸ ਮੌਕੇ ਨਾਮੀਬੀਆ ਤੋਂ ਲਿਆਂਦੇ 8 ਚੀਤਿਆਂ (ਪੰਜ ਮਾਦਾ ਤੇ ਤਿੰਨ ਨਰ) ’ਚੋਂ ਤਿੰਨ ਨੂੰ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਕੂਨੋ ਨੈਸ਼ਨਲ ਪਾਰਕ ਦੇ ਵਿਸ਼ੇਸ਼ ਵਾੜੇ ’ਚ ਛੱਡਿਆ। ਭਾਰਤੀ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਅੱਜ ਸਵੇਰੇ ਅੱਠ ਚੀਤਿਆਂ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਸ਼ਿਓਪੁਰ ਵਿੱਚ ਕੂਨੋ ਨੈਸ਼ਨਲ ਪਾਰਕ ਨੇੜੇ ਪਾਲਪੁਰ ਪਹੁੰਚੇ।