ਮੁੰਬਈ: ਮਹਾਰਾਸ਼ਟਰ 'ਚ ਸ਼ਿਵ ਸੈਨਾ ਤੇ ਬੀਜੇਪੀ ਦਰਮਿਆਨ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਰੇੜ੍ਹਕਾ ਜਾਰੀ ਹੈ। ਇਸ ਦੌਰਾਨ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਸਰਕਾਰ ਬਣਨ ਬਾਰੇ ਵੱਡਾ ਐਲਾਨ ਕੀਤਾ ਹੈ। ਸ਼ਰਦ ਪਵਾਰ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਿ ਸੂਬੇ ਵਿੱਚ ਬੀਜੇਪੀ ਤੇ ਸ਼ਿਵ ਸੈਨਾ ਦੀ ਸਰਕਾਰ ਬਣਾਉਣ। ਲੋਕਾਂ ਨੇ ਸਾਨੂੰ ਵਿਰੋਧੀ ਧਿਰ ਵਿੱਚ ਬੈਠਣ ਲਈ ਚੁਣਿਆ ਹੈ ਤੇ ਅਸੀਂ ਸਿਰਫ ਵਿਰੋਧੀ ਧਿਰ ਵਿੱਚ ਬੈਠਾਂਗੇ। ਸ਼ਰਦ ਪਵਾਰ ਦਾ ਇਹ ਬਿਆਨ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ।
ਸ਼ਰਦ ਪਵਾਰ ਨੇ ਕਿਹਾ ਹੈ, 'ਮੇਰੇ ਕੋਲ ਅਜੇ ਕਹਿਣ ਲਈ ਕੁਝ ਨਹੀਂ ਹੈ। ਬੀਜੇਪੀ ਤੇ ਸ਼ਿਵ ਸੈਨਾ ਨੇ ਮਹਾਰਾਸ਼ਟਰ ਦੇ ਲੋਕਾਂ ਨੂੰ ਬਹੁਮਤ ਦਿੱਤਾ ਹੈ। ਇਸ ਲਈ, ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਸਰਕਾਰ ਬਣਾਉਣੀ ਚਾਹੀਦੀ ਹੈ। ਸਾਡਾ ਫ਼ਤਵਾ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਾ ਹੈ।' ਉਨ੍ਹਾਂ ਅੱਗੇ ਕਿਹਾ, 'ਐਨਸੀਪੀ-ਸ਼ਿਵ ਸੈਨਾ ਦੀ ਸਰਕਾਰ ਬਣਾਉਣ ਦਾ ਸਵਾਲ ਕਿੱਥੇ ਹੈ? ਬੀਜੇਪੀ-ਸ਼ਿਵ ਸੈਨਾ 25 ਸਾਲਾਂ ਤੋਂ ਇਕੱਠੇ ਹਨ। ਉਹ ਅੱਜ ਜਾਂ ਕੱਲ੍ਹ ਮਿਲ ਕੇ ਦੁਬਾਰਾ ਸਰਕਾਰ ਬਣਾਉਣਗੇ।'
ਪਵਾਰ ਨੇ ਅੱਗੇ ਕਿਹਾ, 'ਮੈਂ ਚਾਰ ਵਾਰ ਮੁੱਖ ਮੰਤਰੀ ਰਿਹਾ ਹਾਂ, ਹੁਣ ਮੈਂ ਦੁਬਾਰਾ ਮੁੱਖ ਮੰਤਰੀ ਬਣਨ ਲਈ ਬਹੁਤਾ ਉਤਸੁਕ ਨਹੀਂ ਹਾਂ।' ਉਨ੍ਹਾਂ ਇਹ ਵੀ ਕਿਹਾ ਕਿ ਮਹਾਰਾਸ਼ਟਰ ਬਾਰੇ ਕਾਂਗਰਸ ਨੇ ਕੀ ਫੈਸਲਾ ਲਿਆ ਹੈ, ਇਸ ਬਾਰੇ ਮੈਨੂੰ ਪਤਾ ਨਹੀਂ ਹੈ।
ਦੱਸ ਦਈਏ ਅੱਜ ਸਵੇਰੇ ਸੰਜੇ ਰਾਓਤ ਸ਼ਰਦ ਪਵਾਰ ਨਾਲ ਮਿਲੇ ਸਨ। ਇਸ ਬੈਠਕ ਤੋਂ ਕਈ ਅਰਥ ਕੱਢੇ ਜਾ ਰਹੇ ਹਨ। ਪਵਾਰ ਨੂੰ ਮਿਲਣ ਤੋਂ ਬਾਅਦ ਸੰਜੇ ਰਾਉਤ ਨੇ ਕਿਹਾ, "ਉਹ (ਸ਼ਰਦ ਪਵਾਰ) ਸੂਬੇ ਤੇ ਮਹਾਰਾਸ਼ਟਰ ਦੇ ਸੀਨੀਅਰ ਨੇਤਾ ਹਨ।' ਉਹ ਮਹਾਰਾਸ਼ਟਰ ਦੀ ਅੱਜ ਦੀ ਸਥਿਤੀ ਬਾਰੇ ਚਿੰਤਿਤ ਹਨ। ਸਾਡੀ ਸੰਖੇਪ ਗੱਲਬਾਤ ਹੋਈ ਹੈ।' ਸ਼ਰਦ ਪਵਾਰ ਨਾਲ ਮੁਲਾਕਾਤ ਤੋਂ ਬਾਅਦ ਸੰਜੇ ਰਾਉਤ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਵੀ ਮਿਲਣ ਗਏ ਸੀ।