ਵਾਜਪਾਈ ਦੀ ਕਲਸ਼ ਯਾਤਰਾ ਦਾ ਉੱਡਿਆ ਮਖੌਲ
ਏਬੀਪੀ ਸਾਂਝਾ | 24 Aug 2018 02:31 PM (IST)

ਰਾਏਸੇਨ: ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਸਥੀ ਕਲਸ਼ ਯਾਤਰਾ ਮਜ਼ਾਕ ਬਣਦੀ ਨਜ਼ਰ ਆਈ ਜਦੋਂ ਯਾਤਰਾ ਵਿੱਚ ਬੀਜੇਪੀ ਲੀਡਰ ਤੇ ਵਰਕਰ ਥਾਂ-ਥਾਂ ਹੱਸਦੇ-ਮੁਸਕਰਾਉਂਦੇ ਤੇ ਸੈਲਫੀਆਂ ਲੈਂਦੇ ਨਜ਼ਰ ਆਏ। ਇੱਕ ਪਾਸੇ ਜਿੱਥੇ ਬੀਜੇਪੀ ਪੱਛੜਾ ਵਰਗ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗਜਦੀਸ਼ ਚੌਰਸਿਆ ਹੱਸਦੇ ਹੋਏ ਦਿਖੇ, ਉੱਥੇ ਯਾਤਰਾ ਵਿੱਚ ਜੰਗਲਾਤ ਮੰਤਰੀ ਦੇ ਪੁੱਤਰ ਸ਼ੇਜਵਾਰ ਸੈਂਡਲ ਤੇ ਪੀਡਬਲਿਊਡੀ ਮੰਤਰੀ ਰਾਮਪਾਲ ਸਿੰਘ ਦੇ ਪੁੱਤਰ ਦੁਰਗੇਸ਼ ਪ੍ਰਤਾਪ ਸਿੰਘ ਜੁੱਤੀ ਪਾ ਕੇ ਰਥ ਯਾਤਰਾ ਨਾਲ ਚੱਲਦਿਆਂ ਸ਼ਰਧਾਂਜਲੀ ਦਿੰਦੇ ਨਜ਼ਰ ਆਏ। ਸਫੈਦ ਕੁੜਤਾ ਪਾਈ ਰਾਏਸੇਨਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪਵਨ ਰਘੂਵੰਸ਼ੀ ਤੇ ਭਗਵਾ ਕੁੜਤੇ ਵਿੱਚ ਗਜਦੀਸ਼ ਚੌਰਸੀਆ ਹਨ। ਇਹ ਅਸਥੀ ਕਲਸ਼ ਵਰਗੀ ਗ਼ਮਗੀਨ ਯਾਤਰਾ ਦੌਰਾਨ ਪਤਾ ਨਹੀਂ ਕਿਸ ਗੱਲ ’ਤੇ ਖਿੜਖਿੜ ਕੇ ਹੱਸ ਰਹੇ ਹਨ। ਇਸ ਪ੍ਰਕਿਰਿਆ ਕਰਕੇ ਹੁਣ ਲੋਕ ਬੀਜੇਪੀ ਲੀਡਰਾਂ ਦੇ ਆਚਰਣ ’ਤੇ ਸਵਾਲ ਚੁੱਕ ਰਹੇ ਹਨ। ਹਿੰਦੂ ਧਰਮ ਦੀ ਮਾਨਤਾ ਅਨੁਸਾਰ ਅਜਿਹੇ ਗ਼ਮਗੀਨ ਮਾਹੌਲ ਵਿੱਚ ਸ਼ਾਮਲ ਹੋਣ ’ਤੇ ਨਿਮਰ ਹੋ ਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਪਰ ਬੀਜੇਪੀ ਦੇ ਯੁਵਾ ਲੀਡਰ ਸ਼ਾਇਦ ਇਹ ਸਭ ਭੁੱਲ ਗਏ। ਇਸ ਸਭ ਦੀ ਵਜ੍ਹਾ ਕਰਕੇ ਵਾਜਪਾਈ ਨੂੰ ਦਿੱਤੀ ਜਾ ਰਹੀ ਭਾਵਨਾਤਮਕ ਸ਼ਰਧਾਂਜਲੀ ਦੌਰਾਨ ਅਜਿਹੇ ਲੀਡਰਾਂ ਦੀ ਮਨਸ਼ਾ ਤੇ ਉਨ੍ਹਾਂ ਦੇ ਆਚਰਨ ਸਾਫ ਸਾਫ ਦਿਖ ਰਹੇ ਹਨ। ਇਹ ਯਾਤਰਾ ਕੱਲ੍ਹ ਭੋਪਾਲ ਤੋਂ ਹੁੰਦਿਆਂ ਹੋਇਆਂ ਰਾਏਸੇਨ ਜ਼ਿਲ੍ਹੇ ਦੇ ਨਰਸਿੰਘਪੁਰ ਪੁੱਜੀ ਜੋ ਅੱਜ ਬਰਮਾਨ ਤੇ ਜਬਲਪੁਰ ਹੁੰਦੀ ਹੋਈ ਪੰਨਾ ਜਾਏਗੀ।