ਨਵੀਂ ਦਿੱਲੀ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਅੱਜ ਬੀਜੇਪੀ ਨੇ 148 ਉਮੀਦਵਾਰਾਂ ਦਾ ਐਲਾਨ ਕੀਤਾ। ਬੀਜੇਪੀ ਨੇ ਮੁਕੁਲ ਰਾਏ, ਉਨ੍ਹਾਂ ਦੇ ਬੇਟੇ ਸ਼ੁਭ੍ਰਾਂਗਸ਼ੂ ਰਾਏ, ਰਾਹੁਲ ਸਿਨ੍ਹਾ ਤੇ ਸੰਸਦ ਜਗਨਨਾਥ ਸਰਕਾਰ ਨੂੰ ਟਿਕਟ ਦਿੱਤਾ ਹੈ। ਪਾਰਟੀ ਨੇ ਨੇ ਅਦਾਕਾਰਾ ਪਾਰਨੋ ਮਿੱਤਰ ਨੂੰ ਵੀ ਉਮੀਦਵਾਰ ਬਣਾਇਆ ਹੈ। ਸਾਬਕਾ ਕੇਂਦਰੀ ਮੰਤਰੀ ਮੁਕੁਲ ਰਾਏ ਕ੍ਰਿਸ਼ਣਾਨਗਰ ਉੱਤਰ ਤੋਂ ਤੇ ਉਨ੍ਹਾਂ ਦੇ ਬੇਟੇ ਸ਼ੁਭ੍ਰਾਗਸ਼ੂ ਨੂੰ ਬੀਜਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਰਾਹੁਲ ਸਿਨ੍ਹਾ ਹਾਬਰਾ ਤੋਂ ਚੋਣ ਲੜਣਗੇ।


ਬੀਜੇਪੀ ਨੇ ਸੱਭਿਆਸਾਚੀ ਦੱਤਾ ਨੂੰ ਉੱਤਰ 24 ਪਰਗਨਾ ਦੇ ਵਿਧਾਨ ਸਭਾ ਨਗਰ ਤੋਂ, ਜੀਤੇਂਦਰ ਤਿਵਾੜੀ ਨੂੰ ਪਾਂਡੇਸ਼ਵਰ ਤੋਂ, ਅਗਨੀਮਿਤ੍ਰ ਪਾਲ ਨੂੰ ਆਸਨਸੋਲ ਤੋਂ ਉਮੀਦਵਾਰ ਬਣਾਇਆ ਗਿਆ ਹੈ। ਜੀਤੇਂਦਰ ਤਿਵਾੜੀ ਹਾਲ ਹੀ 'ਚ ਟੀਐਮਸੀ ਛੱਡ ਕੇ ਬੀਜੇਪੀ 'ਚ ਸ਼ਾਮਲ ਹੋਏ।


ਬੀਜੇਪੀ ਨੇ ਹੁਣ ਤਕ ਪੰਜ ਸੰਸਦ ਮੈਂਬਰਾਂ ਨੂੰ ਟਿਕਟ ਦਿੱਤਾ ਹੈ। ਬੀਜੇਪੀ ਦੀ ਪਿਛਲੀ ਸੂਚੀ 'ਚ ਕੇਂਦਰੀ ਮੰਤਰੀ ਬਾਬੁਲ ਸੁਪਰਿਓ, ਹੁਗਲੀ ਤੋਂ ਸੰਸਦ ਮੈਂਬਰ ਲਾਕੇਟ ਚਟਰਜੀ, ਕੂਚਬਿਹਾਰ 'ਚੋਂ ਸੰਸਦ ਮੈਂਬਰ ਨਿਸਿਥ ਪ੍ਰਮਾਣਿਕ ਤੇ ਰਾਜ ਸਭਾ ਦੇ ਸੰਸਦ ਮੈਂਬਰ ਰਹੇ ਸਵਪਨ ਦਾਸਗੁਪਤਾ ਦਾ ਨਾਂ ਸੀ।


ਪਾਰਟੀ ਨੇ ਚੋਣਾਂ 'ਚ ਕਲਾਕਾਰਾਂ, ਖੇਡ ਤੇ ਸਿਨੇਮਾ ਜਗਤ ਦੀਆਂ ਹਸਤੀਆਂ ਤੇ ਵੱਖ-ਵੱਖ ਪੇਸ਼ੇਵਰਾਂ ਨੂੰ ਮੈਦਾਨ 'ਚ ਉਤਾਰਿਆ ਹੈ। ਲੋਕ ਕਲਾਕਾਰ ਅਸੀਮ ਸਰਕਾਰ ਨੂੰ ਨਦੀਆ ਜ਼ਿਲ੍ਹੇ ਦੇ ਹਰਿੰਗਾਂਤਾ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ। ਵਿਗਿਆਨਕ ਗੋਵਰਧਨ ਦਾਸ ਨੂੰ ਪੂਰਬਾਸਥਲੀ ਉੱਤਰ ਤੋਂ ਟਿਕਟ ਦਿੱਤਾ ਗਿਆ ਹੈ।


ਪੱਛਮੀ ਬੰਗਾਲ ਦੀਆਂ 294 ਸੀਟਾਂ 'ਤੇ 27 ਮਾਰਚ ਤੋਂ 29 ਅਪ੍ਰੈਲ ਤਕ ਅੱਠ ਗੇੜਾਂ 'ਚ ਵੋਟਾਂ ਪੈਣਗੀਆਂ। ਪਹਿਲੇ ਗੇੜ ਦੇ ਤਹਿਤ ਸੂਬਿਆਂ ਦੇ ਪੰਜ ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ 'ਤੇ 27 ਮਾਰਚ ਨੂੰ ਦੂਜੇ ਗੇੜ ਦੇ ਤਹਿਤ ਚਾਰ ਜ਼ਿਲ੍ਹਿਆਂ ਦੀਆਂ 30 ਵਿਧਾਨਸਭਾ ਸੀਟਾਂ 'ਤੇ ਇਕ ਅਪ੍ਰੈਲ, ਤੀਜੇ ਗੇੜ ਤਹਿਤ 31 ਵਿਧਾਨਸਭਾ ਸੀਟਾਂ 'ਤੇ 6 ਅਪ੍ਰੈਲ, ਚੌਥੇ ਗੇੜ ਤਹਿਤ ਪੰਜ ਜ਼ਿਲ੍ਹਿਆਂ ਦੀਆਂ 44 ਸੀਟਾਂ 'ਤੇ 10 ਅਪ੍ਰੈਲ, ਪੰਜਵੇਂ ਗੇੜ 'ਚ 6 ਜ਼ਿਲ੍ਹਿਆਂ ਦੀਆਂ 45 ਸੀਟਾਂ 'ਤੇ 17 ਅਪ੍ਰੈਲ, ਛੇਵੇਂ ਗੇੜ ਤਹਿਤ ਚਾਰ ਜ਼ਿਲ੍ਹਿਆਂ ਦੀਆਂ 43 ਸੀਟਾਂ 'ਤੇ 22 ਅਪ੍ਰੈਲ, ਸੱਤਵੇਂ ਗੇੜ ਤਹਿਤ ਪੰਜ ਜ਼ਿਲ੍ਹਿਆਂ ਦੀਆਂ 36 ਸੀਟਾਂ 'ਤੇ 26 ਅਪ੍ਰੈਲ ਤੇ ਅੱਠਵੇਂ ਗੇੜ ਤਹਿਤ ਚਾਰ ਜ਼ਿਲ੍ਹਿਆਂ ਦੀਆਂ 35 ਸੀਟਾਂ 'ਤੇ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ।


ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਪਿਛਲੇ 10 ਸਾਲ ਤੋਂ ਸੱਤਾ 'ਚ ਹੈ। ਇਸ ਵਾਰ ਬੀਜੇਪੀ ਤੇ ਹੋਰ ਵਿਰੋਧੀ ਦਲ ਚੁਣੌਤੀ ਦੇ ਰਹੇ ਹਨ। ਬੀਜੇਪੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੱਤਾ ਤੋਂ ਹਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਤ੍ਰਿਣਮੂਲ ਕਾਂਗਰਸ ਨੂੰ 211 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਜਦਕਿ ਬੀਜੇਪੀ ਨੂੰ ਮਹਿਜ਼ ਤਿੰਨ ਸੀਟਾਂ ਹਾਸਲ ਹੋਈਆਂ ਸਨ। ਕਾਂਗਰਸ ਨੂੰ ਇਨ੍ਹਾਂ ਚੋਣਾਂ 'ਚ 44 ਸੀਟਾਂ ਮਿਲੀਆਂ ਸਨ।