ਵੱਡੀ ਹਾਰ ਮਗਰੋਂ ਬੀਜੇਪੀ 'ਚ 'ਬਗ਼ਾਵਤ'
ਏਬੀਪੀ ਸਾਂਝਾ | 15 Mar 2018 04:48 PM (IST)
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਜ਼ਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੀ ਕਰਾਰੀ ਹਾਰ ਮਗਰੋਂ ਪਾਰਟੀ ਵਿੱਚੋਂ ਵਿਰੋਧੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਰਮਾਕਾਂਤ ਯਾਦਵ ਤੋਂ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸੁਬਰਾਮਣੀਅਮ ਸਵਾਮੀ ਨੇ ਵੀ ਯੋਗੀ 'ਤੇ ਸ਼ਬਦੀ ਹਮਲਾ ਕੀਤਾ ਹੈ। ਇਸ ਤੋਂ ਇਲਾਵਾ ਭਾਜਪਾ ਦੇ ਸੰਸਦ ਮੈਂਬਰ ਸ਼ੱਤਰੂਘਨ ਸਿਨ੍ਹਾ ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਤਨਜ਼ ਕੱਸਿਆ ਹੈ। ਸੁਬਰਾਮਣੀਅਮ ਸਵਾਮੀ ਨੇ ਇਸ਼ਾਰਿਆਂ ਵਿੱਚ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਸਵਾਲ ਚੁੱਕੇ ਹਨ। ਸਵਾਮੀ ਨੇ ਕਿਹਾ ਕਿ ਜੋ ਨੇਤਾ ਆਪਣੀ ਸੀਟ 'ਤੇ ਚੋਣ ਨਹੀਂ ਜਿਤਾ ਸਕਿਆ, ਅਜਿਹੇ ਆਗੂਆਂ ਨੂੰ ਵੱਡੇ ਅਹੁਦੇ ਦੇਣਾ ਲੋਕਤੰਤਰ ਵਿੱਚ ਖ਼ੁਦਕੁਸ਼ੀ ਬਰਾਬਰ ਹੈ। ਇਸ ਤੋਂ ਪਹਿਲਾਂ ਪੂਰਵਾਂਚਲ ਦੇ ਬੀਜੇਪੀ ਦੇ ਵੱਡੇ ਨੇਤਾ ਤੇ ਸਾਬਕਾ ਸੰਸਦ ਮੈਂਬਰ ਰਮਾਕਾਂਤ ਯਾਦਨ ਨੇ ਕਿਹਾ ਕਿ ਪਿਛੜਿਆਂ ਤੇ ਦਲਿਤਾਂ ਦੇ ਬੇਰੁਖੀ ਕਾਰਨ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਜੇਕਰ ਸਮਾਂ ਰਹਿੰਦੇ ਪਾਰਟੀ ਚੌਕਸ ਨਾ ਹੋਈ ਤਾਂ 2019 ਵਿੱਚ ਭਾਜਪਾ ਨੂੰ ਕਰਾਰੀ ਹਾਰ ਦੇਖਣ ਨੂੰ ਮਿਲੇਗੀ। ਉਨ੍ਹਾਂ ਵੀ ਮੁੱਖ ਮੰਤਰੀ ਯੋਗੀ 'ਤੇ ਕੋਝਾਂ ਲਾਉਣ ਦਾ ਮੌਕਾ ਨਾ ਗਵਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਪਾਠ ਪੂਜਾ ਕਰਨ ਵਾਲਿਆਂ ਨੂੰ ਸੀਐਮ ਬਣਾ ਦਿੱਤਾ, ਸਰਕਾਰ ਚਲਾਉਣਾ ਉਨ੍ਹਾਂ ਦੇ ਵੱਸ ਵਿੱਚ ਨਹੀਂ ਹੈ। ਯੋਗੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੀ ਨਿਸ਼ਾਨੇ 'ਤੇ ਲਏ ਗਏ। ਅਦਾਕਾਰ ਤੋਂ ਨੇਤਾ ਬਣੇ ਸ਼ੱਤਰੂਘਨ ਸਿਨ੍ਹਾ ਨੇ ਕਿਹਾ, "ਉਹ ਲਗਾਤਾਰ ਕਹਿ ਰਹੇ ਹਨ ਕਿ ਘਮੰਡ, ਗੁੱਸਾ ਤੇ ਅਤਿ-ਆਤਮਵਿਸ਼ਵਾਸ ਲੋਕਤੰਤਰ ਵਿੱਚ ਬਹੁਤ ਹਾਨੀਕਾਰਕ ਹੈ, ਚਾਹੇ ਟਰੰਪ ਵੱਲੋਂ ਹੋਵੇ ਤੇ ਚਾਹੇ 'ਮਿੱਤਰੋਂ' ਵੱਲੋਂ ਜਾਂ ਫਿਰ ਵਿਰੋਧੀ ਧਿਰ ਵੱਲੋਂ..!" ਸ਼ੱਤਰੂਘਨ ਸਿਨ੍ਹਾ ਨੇ ਆਪਣੇ ਟਵੀਟ ਵਿੱਚ 'ਮਿੱਤਰੋਂ' ਦਾ ਜ਼ਿਕਰ ਕਰ ਕੇ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ 'ਤੇ ਸ਼ਬਦੀ ਹਮਲੇ ਕੀਤਾ ਹੈ। ਬੀਤੇ ਕੱਲ੍ਹ ਭਾਜਪਾ ਨੂੰ ਗੋਰਖਪੁਰ ਤੇ ਫੂਲਪੁਰ ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਵੇਂ ਸੀਟਾਂ ਤੋਂ 2014 ਦੀ ਲੋਕ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਇਨ੍ਹਾਂ ਸੀਟਾਂ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ। ਪਰ ਵਿਧਾਨ ਸਭਾ ਚੋਣਾਂ ਲੜਨ ਕਾਰਨ ਦੋਵਾਂ ਨੇਤਾਵਾਂ ਦੀਆਂ ਲੋਕ ਸਭਾ ਸੀਟਾਂ ਖਾਲੀ ਸਨ, ਜੋ ਹੁਣ ਭਾਜਪਾ ਹੱਥੋਂ ਖੁੱਸ ਗਈ ਹੈ।