ਦਿੱਲੀਃ ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਇੱਕ ਵਾਰ ਫਿਰ ਤੋਂ ਦਿੱਲੀ ਦੀਆਂ ਹੱਦਾਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਖ਼ਿਲਾਫ ਬਿਆਨ ਦਿੱਤਾ ਹੈ। ਵਿਜ ਨੇ ਆਖਿਆ ਹੈ ਕਿ ਸੂਬੇ ਵਿੱਚ ਜੋ ਵੀ ਅਸ਼ਾਂਤੀ ਫੈਲੀ ਹੋਈ ਹੈ, ਉਸ ਲਈ ਅੰਦੋਲਨਕਾਰੀ ਜ਼ਿੰਮੇਵਾਰ ਹਨ।
ਅਨਿਲ ਵਿਜ ਨੇ ਸਮਾਲਖਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਕਿਤੇ ਬਲਾਤਕਾਰ ਹੋ ਰਹੇ ਹਨ ਅਤੇ ਕਿਤੇ ਕੁੱਟਮਾਰ ਤੇ ਹੋਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਫੈਲੀ ਅਸ਼ਾਂਤੀ ਲਈ ਅੰਦੋਲਨਕਾਰੀ ਜ਼ਿੰਮੇਵਾਰ ਹਨ। ਦੱਸਣਾ ਬਣਦਾ ਹੈ ਕਿ ਕਿਸਾਨ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਵੱਖ-ਵੱਖ ਸਮੇਂ ਹੋਈਆਂ ਘਟਨਾਵਾਂ ਬਾਰੇ ਅਨਿਲ ਵਿਜ ਨੇ ਟੇਢੇ ਢੰਗ ਨਾਲ ਟਿੱਪਣੀ ਕੀਤੀ ਹੈ।
ਉਨ੍ਹਾਂ ਆਖਿਆ ਕਿ ਅੰਦੋਲਨ ਦੇ ਓਹਲੇ ਕਾਨੂੰਨ ਨੂੰ ਹੱਥਾਂ ਵਿੱਚ ਨਾ ਲਿਆ ਜਾਵੇ ਕਿਉਂਕਿ ਜੋ ਵੀ ਕਾਨੂੰਨ ਨੂੰ ਹੱਥਾਂ ਵਿੱਚ ਲਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਸਾਨਾਂ ਤੋਂ ਇਲਾਵਾ ਹਰਿਆਣਾ ਦੇ ਵਜ਼ੀਰ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਲਈ ਤਿਆਰੀ ਪੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤਾਂ ਨੂੰ ਨਿੱਜੀ ਦੱਸਦਿਆਂ ਸਿਆਸੀ ਕਿਆਸਅਰਾਈਆਂ ਨੂੰ ਰੱਦ ਕਰ ਦਿੱਤਾ।