Beef Controversy: ਮੇਘਾਲਿਆ ਸਰਕਾਰ ’ਚ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਸਨਬੋਰ ਸ਼ੁਲਈ ਨੇ ਪਾਰਟੀ ਨੂੰ ਕਸੂਤਾ ਫਸਾ ਦਿੱਤਾ ਹੈ। ਮੰਤਰੀ ਨੇ ਐਲਾਨ ਕੀਤਾ ਹੈ ਕਿ 'ਗਾਂ ਦਾ ਮਾਸ' ਰੱਜ ਕੇ ਖਾਓ। ਇਸ ਉਪਰ ਕੋਈ ਪਾਬੰਦੀ ਨਹੀਂ ਹੈ। ਮੰਤਰੀ ਦੇ ਇਸ ਬਿਆਨ ਮਗਰੋਂ ਬੀਜੇਪੀ ਦੀ ਹਾਲਤ ਕਸੂਤੀ ਬਣ ਗਈ ਹੈ ਕਿਉਂਕਿ ਪਾਰਟੀ ਹੁਣ ਤੱਕ ਗਾਊ ਹੱਤਿਆ ਦਾ ਵਿਰੋਧ ਕਰਦੀ ਆ ਰਹੀ ਹੈ।
ਮੇਘਾਲਿਆ ਸਰਕਾਰ ’ਚ ਬੀਜੇਪੀ ਮੰਤਰੀ ਸਨਬੋਰ ਸ਼ੁਲਈ ਨੇ ਰਾਜ ਦੇ ਲੋਕਾਂ ਨੂੰ ਮੁਰਗਾ, ਭੇਡ ਜਾਂ ਬੱਕਰੀ ਦਾ ਮਾਸ ਜਾਂ ਮੱਛੀ ਖਾਣ ਦੀ ਥਾਂ ਬੀਫ (ਗਾਂ ਦਾ ਮਾਸ) ਜ਼ਿਆਦਾ ਖਾਣ ਲਈ ਕਿਹਾ ਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਪਾਰਟੀ ਇਸ ਦੇ ਖ਼ਿਲਾਫ਼ ਹੈ। ਪਿਛਲੇ ਹਫ਼ਤੇ ਕੈਬਨਿਟ ਦੀ ਸਹੁੰ ਚੁੱਕਣ ਵਾਲੇ ਸੀਨੀਅਰ ਭਾਜਪਾ ਆਗੂ ਸ਼ੁਲਈ ਨੇ ਕਿਹਾ ਕਿ ਇੱਕ ਜਮਹੂਰੀ ਦੇਸ਼ ’ਚ ਹਰ ਕੋਈ ਆਪਣੀ ਪਸੰਦ ਦਾ ਖਾਣਾ ਖਾਣ ਲਈ ਆਜ਼ਾਦ ਹੈ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਮੈਂ ਲੋਕਾਂ ਨੂੰ ਮੁਰਗਾ, ਭੇਡ ਜਾਂ ਬੱਕਰੀ ਦਾ ਮਾਸ ਜਾਂ ਮੱਛੀ ਖਾਣ ਦੀ ਥਾਂ ਬੀਫ ਜ਼ਿਆਦਾ ਖਾਣ ਲਈ ਪ੍ਰੇਰਿਤ ਕਰਦਾ ਹਾਂ। ਇਹ ਧਾਰਨਾ ਕਿ ਭਾਜਪਾ ਗਊ ਹੱਤਿਆ ’ਤੇ ਪਾਬੰਦੀ ਲਾਏਗੀ, ਦੂਰ ਹੋ ਜਾਵੇਗੀ।’
ਸ਼ੁਲਈ ਨੇ ਕਿਹਾ ਕਿ ਉਹ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਗੱਲ ਕਰਨਗੇ ਕਿ ਗੁਆਂਢੀ ਸੂਬੇ ’ਚ ਨਵੇਂ ਕਾਨੂੰਨ ਨਾਲ ਮੇਘਾਲਿਆ ’ਚ ਪਸ਼ੂਆਂ ਦੀ ਸਪਲਾਈ ’ਚ ਅੜਿੱਕਾ ਨਾ ਪਵੇ। ਮੇਘਾਲਿਆ ਤੇ ਅਸਾਮ ਵਿਚਾਲੇ ਸਰਹੱਦੀ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਰਾਜ ਸਰਹੱਦ ਤੇ ਆਪਣੇ ਲੋਕਾਂ ਦੀ ਰਾਖੀ ਲਈ ਪੁਲੀਸ ਫੋਰਸ ਦੀ ਵਰਤੋਂ ਕਰੇ।