Case against Sanjay Singh: ਆਮ ਆਦਮੀ ਪਾਰਟੀ (ਆਪ) ਦੇ ਉੱਤਰ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਖਿਲਾਫ ਬਸਤੀ ਜ਼ਿਲ੍ਹੇ ਦੀ ਹਰਈਆ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਜੇ ਸਿੰਘ ਨੇ ਲਖਨਊ ਦੇ ਹਜ਼ਰਤਗੰਜ ਕੋਤਵਾਲੀ ਵਿੱਚ ਅਕਸ ਖਰਾਬ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।  

ਪੁਲਿਸ ਅਨੁਸਾਰ ਭਾਜਪਾ ਵਿਧਾਇਕ ਅਜੈ ਸਿੰਘ ਦੀ ਤਹਿਰੀਕ ਦੇ ਆਧਾਰ 'ਤੇ ਹਜ਼ਰਤਗੰਜ ਕੋਤਵਾਲੀ ਵਿੱਚ 'ਆਪ' ਸੰਸਦ ਮੈਂਬਰ ਸੰਜੇ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਜੇ ਸਿੰਘ ਨੇ ਆਪਣੀ ਤਹਿਰੀਕ ਵਿੱਚ ਦੋਸ਼ ਲਾਇਆ ਕਿ  8 ਅਗਸਤ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵਿਧਾਨ ਸਭਾ ਵਿੱਚ ਮੇਰੇ (ਅਜੇ ਸਿੰਘ) ਵੱਲੋਂ ਉਠਾਏ ਗਏ ਫਾਰਮ ਦਾ ਹਵਾਲਾ ਦਿੱਤਾ ਤੇ ਕਥਿਤ ਤੌਰ' ਤੇ ਜਲ ਸ਼ਕਤੀ ਮੰਤਰਾਲੇ ਦੇ ਘੁਟਾਲੇ ਦਾ ਹਵਾਲਾ ਦਿੱਤਾ।'

ਸੰਜੇ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਜਾਰੀ - ਪੁਲਿਸ

ਵਿਧਾਇਕ ਦੇ ਅਨੁਸਾਰ ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ਵਿੱਚ ਉਸ ਦੇ ਨਾਮ ਦਾ ਜ਼ਿਕਰ ਕਰਕੇ ਗਲਤ ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਤੇ ਉਸ ਦੀ ਛਵੀ ਖਰਾਬ ਕਰਨ ਦੀ ਸਾਜ਼ਿਸ਼ ਰਚੀ। ਵਿਧਾਇਕ ਅਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਸੰਜੇ ਸਿੰਘ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਸਾਜ਼ਿਸ਼ ਰਚੀ ਤੇ ਸਿਆਸੀ ਪ੍ਰਸਿੱਧੀ ਹਾਸਲ ਕਰਨ ਲਈ ਮੀਡੀਆ ਕਰਮਚਾਰੀਆਂ ਨੂੰ ਜਾਅਲੀ ਦਸਤਾਵੇਜ਼ ਦਿਖਾਏ।

ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਜਲ ਸ਼ਕਤੀ ਵਿਭਾਗ ਦੇ ਸਬੰਧ ਵਿੱਚ ਮੇਰਾ ਫਾਰਮ ਦਿਖਾਇਆ ਜੋ ਕਿ ਗਲਤ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਚੈੱਕ ਡੈਮ ਨਿਰਮਾਣ ਘੁਟਾਲੇ ਬਾਰੇ ਸਿੰਚਾਈ ਵਿਭਾਗ ਤੋਂ ਜਾਂਚ ਅਤੇ ਕਾਰਵਾਈ ਦੀ ਮੰਗ ਉਠਾਈ। ਹਜ਼ਰਤਗੰਜ ਕੋਤਵਾਲੀ ਇੰਚਾਰਜ ਅਨੁਸਾਰ ਭਾਜਪਾ ਵਿਧਾਇਕ ਦੀ ਸ਼ਿਕਾਇਤ 'ਤੇ ਸੰਜੇ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।