ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾ ਕੇ ਬੀਜੇਪੀ ਨਾਲ ਗੱਠਜੋੜ ਕਰਨ ਦੇ ਐਲਾਨ ਮਗਰੋਂ ਸਿਆਸਤ ਭਖ ਗਈ ਹੈ। ਕੈਪਟਨ ਦੇ ਐਲਾਨ ਮਗਰੋਂ ਬੀਜੇਪੀ ਵੱਲੋਂ ਵੀ ਵੱਡਾ ਬਿਆਨ ਆਇਆ ਹੈ। ਬੀਜੇਪੀ ਨੇ ਸਪਸ਼ਟ ਕਿਹਾ ਹੈ ਕਿ ਕੈਪਟਨ ਨਾਲ ਹੱਥ ਮਿਲਾਉਣ ਲਈ ਤਿਆਰ ਹੈ।
ਬੀਜੇਪੀ ਦੇ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਦੇਸ਼ ਭਗਤ ਹਨ ਤੇ ਬੀਜੇਪੀ ਦੇਸ਼ ਹਿੱਤ ਨੂੰ ਸਭ ਤੋਂ ਉਪਰ ਰੱਖਣ ਵਾਲਿਆਂ ਨਾਲ ਗਠਜੋੜ ਲਈ ਤਿਆਰ ਹੈ। ਗੌਤਮ ਪੰਜਾਬ ਮਾਮਲਿਆਂ ਬਾਰੇ ਪਾਰਟੀ ਦੇ ਇੰਚਾਰਜ ਵੀ ਹਨ।
ਦੱਸ ਦਈਏ ਕਿ ਕੈਪਟਨ ਨੇ ਹਾਲੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਉਹ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣਗੇ ਤੇ ਜੇ ਭਾਜਪਾ ਨਾਲ ਵੀ ਚੋਣ ਗਠਜੋੜ ਕਰ ਸਕਦੇ ਹਨ। ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੈਪਟਨ ਦੀ ਸ਼ਰਤ ਬਾਰੇ ਬੀਜੇਪੀ ਲੀਡਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਬਾਰੇ ਗੱਲ ਨਹੀਂ ਕੀਤੀ ਪਰ ਉਨ੍ਹਾਂ ਕਿਸਾਨਾਂ ਦੇ ਮੁੱਦਿਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬੀਜੇਪੀ ਕਿਸਾਨਾਂ ਦੀ ਭਲਾਈ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਅੰਦੋਲਨ ਦਾ ਸਬੰਧ ਹੈ, ਇਹ ਰਾਜਨੀਤੀ ਤੋਂ ਪ੍ਰੇਰਿਤ ਹੈ।
ਯਾਦ ਰਹੇ ਮੰਗਲਵਾਰ ਨੂੰ ਕੈਪਟਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ 'ਚ ਨਵੀਂ ਪਾਰਟੀ ਬਣਾਉਣਗੇ। ਇਸ ਰਾਹੀਂ ਉਹ 4 ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ। ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਗਠਜੋੜ ਹੋਵੇਗਾ। ਇਸ ਲਈ ਤੈਅ ਹੈ ਕਿ ਕੈਪਟਨ ਹੁਣ ਪੰਜਾਬ ਵਿੱਚ ਬੀਜੇਪੀ ਦਾ ਸਹਾਰਾ ਬਣਨਗੇ। ਇਸ ਲਈ ਉਹ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਲੀਡਰਾਂ ਨਾਲ ਵੀ ਹੱਥ ਮਿਲਾਉਣਗੇ।
ਕੈਪਟਨ ਨੇ ਕਿਹਾ ਹੈ ਕਿ ਇਸ ਗਠਜੋੜ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਧੜੇ ਵੀ ਸ਼ਾਮਲ ਹੋਣਗੇ। ਹਾਲਾਂਕਿ ਇਸ ਤੋਂ ਪਹਿਲਾਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਸਹੀ ਹੱਲ ਲੱਭਣਾ ਜ਼ਰੂਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੀਜੇਪੀ ਵੱਲੋਂ ਇਹ ਰਣਨੀਤੀ ਪਹਿਲਾਂ ਹੀ ਘੜੀ ਜਾ ਚੁੱਕੀ ਸੀ। ਸਿਰਫ ਕੈਪਟਨ ਦੀ ਹਾਂ ਉਡੀਕੀ ਜਾ ਰਹੀ ਸੀ। ਹੁਣ ਕੈਪਟਨ ਤੇ ਬੀਜੇਪੀ ਵਿਚਾਲੇ ਸਭ ਕੁਝ ਤੈਅ ਹੋ ਗਿਆ ਹੈ।
ਇਹ ਵੀ ਪੜ੍ਹੋ: Aryan Khan Bail Rejected: ਸ਼ਾਹਰੁਖ ਖਾਨ ਬੇਟੇ ਆਰੀਅਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਹੁਣ ਹਾਈਕੋਰਟ ਤੋਂ ਉਮੀਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/