Anna University: ਤਾਮਿਲਨਾਡੂ ਦੀ ਅੰਨਾ ਯੂਨੀਵਰਸਿਟੀ ਦੀ ਵਿਦਿਆਰਥਣ ਵਲੋਂ ਕਥਿਤ ਜਿਨਸੀ ਸ਼ੋਸ਼ਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਘਟਨਾ ਨੇ ਸੂਬੇ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਭਾਰਤੀ ਜਨਤਾ ਪਾਰਟੀ (BJP) ਅਤੇ ਡੀਐਮਕੇ ਨੇ ਵੀਰਵਾਰ (26 ਦਸੰਬਰ) ਨੂੰ ਇਸ ਮੁੱਦੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਭਾਜਪਾ ਨੇ ਦੋਸ਼ ਲਾਇਆ ਕਿ ਮੁਲਜ਼ਮ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਦਾ ਅਧਿਕਾਰੀ ਹੈ, ਜਦੋਂ ਕਿ ਸੱਤਾਧਾਰੀ ਪਾਰਟੀ ਡੀਐਮਕੇ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ।
ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਅੰਨਾਮਲਾਈ ਨੇ ਡੀਐਮਕੇ ਆਗੂਆਂ ਨਾਲ ਮੁਲਜ਼ਮਾਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਨੇ ਦੋਸ਼ ਲਾਇਆ ਕਿ ਮੁਲਜ਼ਮ ਸੱਤਾਧਾਰੀ ਪਾਰਟੀ ਦੇ ਵਿਦਿਆਰਥੀ ਵਿੰਗ ਦਾ ਅਹੁਦੇਦਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਨੇ ਪਾਰਟੀ ਨਾਲ ਸਬੰਧਤ ਹੋਣ ਕਰਕੇ ਇਹ ਵਾਰਦਾਤ ਕੀਤੀ ਹੈ ਅਤੇ ਪੁਲਿਸ ਨੇ ਇਸ ’ਤੇ ਕਾਰਵਾਈ ਨਹੀਂ ਕੀਤੀ। ਵਿਰੋਧ ਪ੍ਰਦਰਸ਼ਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਅੰਨਾਮਾਲਾਈ ਨੇ ਐਲਾਨ ਕੀਤਾ ਕਿ ਉਹ ਸ਼ੁੱਕਰਵਾਰ ਨੂੰ ਆਪਣੀ ਰਿਹਾਇਸ਼ ਦੇ ਬਾਹਰ ਆਪਣੇ ਆਪ ਨੂੰ 6 ਵਾਰ ਕੋੜੇ ਮਾਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਡੀਐਮਕੇ ਸਰਕਾਰ ਸੱਤਾ ਵਿੱਚ ਹੈ, ਉਹ ਚੱਪਲਾਂ ਨਹੀਂ ਪਾਉਣਗੇ ਅਤੇ ਨੰਗੇ ਪੈਰ ਹੀ ਰਹਿਣਗੇ। ਇਸ ਤੋਂ ਬਾਅਦ ਭਾਜਪਾ ਤਾਮਿਲਨਾਡੂ ਦੇ ਪ੍ਰਧਾਨ ਕੇ. ਅੰਨਾਮਾਲਾਈ ਨੇ ਸ਼ੁੱਕਰਵਾਰ (27 ਦਸੰਬਰ) ਨੂੰ ਕੋਇੰਬਟੂਰ ਵਿੱਚ ਆਪਣੀ ਰਿਹਾਇਸ਼ ਦੇ ਬਾਹਰ ਖੁਦ ਨੂੰ ਕੋੜੇ ਮਾਰ ਕੇ ਪੁਲਿਸ ਅਤੇ ਰਾਜ ਸਰਕਾਰ ਦੀ ਬੇਰੁਖ਼ੀ ਦਾ ਵਿਰੋਧ ਕੀਤਾ।
ਇਸ ਮਾਮਲੇ ਵਿੱਚ ਪ੍ਰਦਰਸ਼ਨ ਕਰ ਰਹੇ ਏਆਈਏਡੀਐਮਕੇ ਦੇ ਸੀਨੀਅਰ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਨੇ ਵੀ ਪੁਲਿਸ ਕਾਰਵਾਈ ਦੀ ਨਿੰਦਾ ਕਰਦਿਆਂ ਹੋਇਆਂ ਕਿਹਾ ਕਿ ਜਿਨਸੀ ਅਪਰਾਧ ਵੱਧ ਰਹੇ ਹਨ ਅਤੇ ਸਰਕਾਰ ਅਤੇ ਪੁਲਿਸ ਨਿਸ਼ਕਿਰਿਆ ਬਣੀ ਹੋਈ ਹੈ। ਸੁੰਦਰਰਾਜਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਅਤੇ ਸਰਕਾਰ ਨੂੰ ਅਜਿਹੇ ਮਾਮਲਿਆਂ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਮੁੱਦਾ ਨਾ ਸਿਰਫ਼ ਅਮਨ-ਕਾਨੂੰਨ ਦਾ ਮਸਲਾ ਬਣ ਗਿਆ ਹੈ, ਸਗੋਂ ਸਿਆਸੀ ਤੌਰ 'ਤੇ ਵੀ ਸੰਵੇਦਨਸ਼ੀਲ ਬਣ ਗਿਆ ਹੈ। ਬੀਜੇਪੀ ਨੇ ਇਸ ਨੂੰ ਡੀਐਮਕੇ ਸਰਕਾਰ ਦੇ ਖਿਲਾਫ ਵੱਡੇ ਵਿਰੋਧ ਦਾ ਆਧਾਰ ਬਣਾਇਆ ਹੈ। ਉਧਰ ਡੀਐਮਕੇ ਨੇ ਭਾਜਪਾ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਹੈ ਕਿ ਵਿਰੋਧੀ ਧਿਰ ਸਿਆਸੀ ਲਾਹੇ ਲਈ ਇਸ ਨੂੰ ਵਧਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਤਾਮਿਲਨਾਡੂ ਵਿੱਚ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ।