ਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ 'ਤੇ ਵਿਵਾਦਿਤ ਟਿੱਪਣੀ ਕੀਤੀ ਹੈ, ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ, "ਰਾਹੁਲ ਗਾਂਧੀ ਦੇਸ਼ ਦਾ ਨੰਬਰ 1 ਅੱਤਵਾਦੀ ਹੈ। ਉਹ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਦੇਸ਼ ਦੀਆਂ ਏਜੰਸੀਆਂ ਨੂੰ ਉਸ 'ਤੇ ਨਜ਼ਰ ਰੱਖਣੀ ਚਾਹੀਦੀ ਹੈ।"


ਕੇਂਦਰੀ ਮੰਤਰੀ ਨੇ ਇਹ ਬਿਆਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਆਪਣੀ ਅਮਰੀਕਾ ਫੇਰੀ ਦੌਰਾਨ ਧਾਰਮਿਕ ਆਜ਼ਾਦੀ ਅਤੇ ਸਿੱਖ ਭਾਈਚਾਰੇ ਬਾਰੇ ਕੀਤੀ ਤਾਜ਼ਾ ਟਿੱਪਣੀ ਦੇ ਜਵਾਬ ਵਿੱਚ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ 'ਤੇ ਮੁਸਲਮਾਨਾਂ ਤੇ ਹੁਣ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।






ਕੇਂਦਰੀ ਮੰਤਰੀ ਨੇ ਇਹ ਵੀ ਕਿਹਾ, "ਰਾਹੁਲ ਗਾਂਧੀ ਭਾਰਤੀ ਨਹੀਂ ਹਨ। ਉਨ੍ਹਾਂ (ਰਾਹੁਲ ਗਾਂਧੀ) ਨੇ ਆਪਣਾ ਜ਼ਿਆਦਾਤਰ ਸਮਾਂ ਦੇਸ਼ ਤੋਂ ਬਾਹਰ ਬਿਤਾਇਆ ਹੈ... ਉੱਥੇ ਉਨ੍ਹਾਂ ਦਾ ਪਰਿਵਾਰ ਅਤੇ ਦੋਸਤ ਹਨ, ਜਿਸ ਕਾਰਨ ਉਹ ਆਪਣੇ ਦੇਸ਼ ਨੂੰ ਬਹੁਤਾ ਪਿਆਰ ਨਹੀਂ ਕਰਦੇ। ਗਾਂਧੀ ਬਾਹਰ ਨਿਕਲਦੇ ਹਨ ਤੇ ਸਭ ਕੁਝ ਗਲਤ ਕਹਿੰਦੇ ਹਨ, ਹੁਣ ਰਾਹੁਲ ਗਾਂਧੀ ਕਦੇ ਓਬੀਸੀ ਦੀ ਗੱਲ ਕਰਦੇ ਹਨ ਅਤੇ ਕਦੇ ਜਾਤ ਬਾਰੇ। ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਕਿਹਾ, "ਕਾਂਗਰਸ ਨੇ ਮੁਸਲਮਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ, ਪਰ ਇਹ ਕੰਮ ਨਹੀਂ ਹੋਇਆ। ਹੁਣ ਉਹ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।"


ਕਾਂਗਰਸੀ ਆਗੂ ਸੰਦੀਪ ਦੀਕਸ਼ਿਤ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਰਾਹੁਲ ਗਾਂਧੀ ਦੀ ਤਾਰੀਫ ਕਰਦੇ ਸਨ ਅਤੇ ਹੁਣ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਹੋ ਕੇ ਆਪਣੀ ਵਫ਼ਾਦਾਰੀ ਦਿਖਾ ਰਹੇ ਹਨ। ਉਹ ਬੇਤੁਕੇ ਬਿਆਨ ਦਿੰਦੇ ਰਹਿੰਦੇ ਹਨ। ਮੈਂ ਉਸਦੇ ਸ਼ਬਦਾਂ 'ਤੇ ਹੋਰ ਕੁਝ ਨਹੀਂ ਕਹਾਂਗਾ।''