ਕਰਨਾਟਕ ਦੇ ਮੰਗਲੁਰੂ 'ਚ ਨਰਿੰਦਰ ਮੋਦੀ ਸਰਕਾਰ ਦੀ ਵਾਪਸੀ ਦਾ ਜਸ਼ਨ ਮਨਾ ਕੇ ਪਰਤ ਰਹੇ ਦੋ ਭਾਜਪਾ ਵਰਕਰਾਂ 'ਤੇ 5 ਲੋਕਾਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਭਾਜਪਾ ਵਰਕਰਾਂ 'ਤੇ ਚਾਕੂ ਨਾਲ ਹਮਲਾ ਕੀਤਾ, ਜੋ ਫਿਲਹਾਲ ਹਸਪਤਾਲ 'ਚ ਦਾਖਲ ਹਨ। ਇਨ੍ਹਾਂ 'ਚੋਂ ਇਕ ਦੀ ਹਾਲਤ ਖਤਰੇ ਤੋਂ ਬਾਹਰ ਹੈ, ਜਦਕਿ ਦੂਜੇ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਕਮਿਸ਼ਨਰ ਅਨੁਪਮ ਅਗਰਵਾਲ ਨੇ ਦੱਸਿਆ ਕਿ ਇਸ ਘਟਨਾ 'ਚ 41 ਸਾਲਾ ਹਰਸ਼ ਅਤੇ 24 ਸਾਲਾ ਨੰਦਕੁਮਾਰ 'ਤੇ ਹਮਲਾ ਹੋਇਆ ਹੈ। ਇਹ ਦੋਵੇਂ ਮੋਦੀ ਸਰਕਾਰ ਦੀ ਵਾਪਸੀ ਦੇ ਮੌਕੇ 'ਤੇ ਕੱਢੇ ਗਏ ਇਕ ਜਿੱਤ ਜਲੂਸ 'ਚ ਹਿੱਸਾ ਲੈਣ ਗਏ ਸਨ ਅਤੇ ਉਥੋਂ ਵਾਪਸ ਪਰਤ ਰਹੇ ਸਨ।
ਦੂਜੇ ਪੱਖ ਦਾ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਧਾਰਮਿਕ ਸਥਾਨ ਦੇ ਬਾਹਰ ਨਾਅਰੇਬਾਜ਼ੀ ਕੀਤੀ ਸੀ, ਜਿਸ ਤੋਂ ਬਾਅਦ ਝੜਪ ਹੋ ਗਈ। ਭਾਜਪਾ ਵਰਕਰਾਂ 'ਤੇ ਚਾਕੂਆਂ ਨਾਲ ਹਮਲਾ ਕਰਨ ਦੇ ਦੋਸ਼ 'ਚ ਮੁਹੰਮਦ ਸ਼ਾਕਿਰ, ਅਬਦੁਲ ਰਜ਼ਾਕ, ਅਬੂ ਬਕਰ ਸਿੱਦੀਕੀ, ਸਵਾਦ ਅਤੇ ਹਫੀਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਝਗੜਾ ਇੱਕ ਬਾਰ ਦੇ ਬਾਹਰ ਹੋਇਆ। ਇੱਥੇ ਬਾਈਕ ਸਵਾਰ 20 ਤੋਂ 25 ਨੌਜਵਾਨਾਂ ਨੇ ਭਾਜਪਾ ਵਰਕਰਾਂ ਦਾ ਪਿੱਛਾ ਕੀਤਾ। ਉਨ੍ਹਾਂ ਦੋਵਾਂ ਭਾਜਪਾ ਵਰਕਰਾਂ 'ਤੇ ਨਾਅਰੇਬਾਜ਼ੀ ਕਰਨ ਦਾ ਦੋਸ਼ ਲਗਾਇਆ ਗਿਆ।
ਪੁਲਿਸ ਨੇ ਇਸ ਮਾਮਲੇ ਵਿੱਚ ਮਸਜਿਦ ਨਾਲ ਜੁੜੇ ਪੀਕੇ ਅਬਦੁੱਲਾ ਦੀ ਅਰਜ਼ੀ 'ਤੇ ਮਾਮਲਾ ਦਰਜ ਕੀਤਾ ਹੈ। ਅਬਦੁੱਲਾ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਕੁੱਟੇ ਗਏ ਭਾਜਪਾ ਵਰਕਰ ਭੜਕਾਊ ਨਾਅਰੇ ਲਗਾ ਰਹੇ ਸਨ। ਇਸ ਤੋਂ ਇਲਾਵਾ ਉਹਨਾਂ ਨੇ ਬਾਹਰ ਖੜ੍ਹੇ ਲੋਕਾਂ ਨਾਲ ਵੀ ਬਦਸਲੂਕੀ ਕੀਤੀ। ਇਹ ਮਾਮਲਾ ਫਿਰਕੂ ਤੌਰ 'ਤੇ ਕਰਨਾਟਕ 'ਚ ਨਵਾਂ ਵਿਵਾਦ ਪੈਦਾ ਕਰ ਸਕਦਾ ਹੈ। ਇਸ ਸਮੇਂ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਹੈ ਅਤੇ ਭਾਜਪਾ ਇਹ ਦੋਸ਼ ਲਾਉਂਦੀ ਰਹੀ ਹੈ ਕਿ ਉਹ ਮੁਸਲਿਮ ਤੁਸ਼ਟੀਕਰਨ ਦੀ ਰਾਜਨੀਤੀ ਕਰਦੀ ਹੈ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ 240 ਸੀਟਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨਡੀਏ ਦੇ ਹਿੱਸੇਦਾਰਾਂ ਦੇ ਸਮਰਥਨ ਨਾਲ ਫਿਰ ਤੋਂ ਸਰਕਾਰ ਬਣਾਈ ਹੈ ਅਤੇ ਐਤਵਾਰ ਨੂੰ ਪੂਰੇ ਮੰਤਰੀ ਮੰਡਲ ਦੇ ਨਾਲ ਸਹੁੰ ਵੀ ਚੁੱਕੀ ਹੈ।