ਨਵੀਂ ਦਿੱਲੀ: ਅਕਸਰ ਜੀਐਸਟੀ ਨੂੰ ‘ਗੱਬਰ ਸਿੰਘ ਟੈਕਸ’ ਦੱਸ ਕੇ ਇਸ ਦੀ ਨਿੰਦਾ ਕਰਨ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਖ਼ੂਬ ਹੁਣ ਮਜ਼ਾਕ ਉਡਾਇਆ ਜਾ ਰਿਹਾ ਹੈ। ਦਰਅਸਲ, ਹਿੰਦੂ ਬਿਜ਼ਨੈਸ ਲਾਈਨ ਨੇ ਜੀਐਸਟੀ ਕੌਂਸਲ ਨੂੰ ‘ਚੇਂਜਮੇਕਰ ਆਫ ਦ ਈਅਰ ਐਵਾਰਡ’ ਨਾਲ ਸਨਮਾਨਤ ਕੀਤਾ ਹੈ ਤੇ ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਵੱਲੋਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਇਸ ’ਤੇ ਬੀਜੇਪੀ ਲੀਡਰ ਰਾਹੁਲ ਗਾਂਧੀ ਦਾ ਖੂਬ ਮਜ਼ਾਕ ਬਣਾ ਰਹੇ ਹਨ।



ਜੀਐਸਟੀ ਕੌਂਸਲ ਨੂੰ ਇਹ ਐਵਾਰਡ ਦੇਸ਼ ਭਰ ਵਿੱਚ ਇਹ ਟੈਕਸ ਲਾਗੂ ਕਰਨ, ਉਪਭੋਗਤਾਵਾਂ ਤੋਂ ਟੈਕਸ ਦਾ ਬੋਝ ਹਲਕਾ ਕਰਨ ਤੇ ਟੈਕਸੇਸ਼ਨ ਦੇ ਨਿਯਮ ਸੌਖੇ ਕਰਨ ਲਈ ਦਿੱਤਾ ਗਿਆ ਹੈ। ਹਾਲਾਂਕਿ ਡਾ. ਮਨਮੋਹਨ ਸਿੰਘ ਨੇ ਐਵਾਰਡ ਦਿੰਦਿਆਂ ਕੁਝ ਨਹੀਂ ਕਿਹਾ ਪਰ ਬੀਜੇਪੀ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਹੈ ਕਿ ਬੀਜੇਪੀ ਸਰਕਾਰ ਦੀ ਜੀਐਸਟੀ ਲਾਗੂ ਕਰਨ ਦਾ ਫੈਸਲਾ ਗ਼ਲਤ ਨਹੀਂ ਸੀ। ਕਾਂਗਰਸ ਲੰਮੇ ਸਮੇਂ ਤੋਂ ਜੀਐਸਟੀ ਦਾ ਵਿਰੋਧ ਕਰ ਰਹੀ ਸੀ ਪਰ ਉਨ੍ਹਾਂ ਦੇ ਆਪਣੇ ਮੰਤਰੀ ਵੱਲੋਂ ਬੀਜੇਪੀ ਨੂੰ ਇਸ ਦਾ ਐਵਾਰਡ ਦੇਣਾ ਕਾਂਗਰਸ ਨੂੰ ਕਰਾਰਾ ਜਵਾਬ ਮੰਨਿਆ ਜਾ ਰਿਹਾ ਹੈ।

ਦੱਸ ਦੇਈਏ ਕਿ IPC ਦੀ ਧਾਰਾ 377 ਵਿਰੁੱਧ ਪਟੀਸ਼ਨ ਦਾਇਰ ਕਰਨ ਵਾਲੇ ਪਟੀਸ਼ਨਰਾਂ ਨਾਲ ਵੀ ਇਹ ਐਵਾਰਡ ਸਾਂਝਾ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਐਵਾਰਡ ਮਿਲਣ ਨਾਲ ਬੀਜੇਪੀ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਬੀਜੇਪੀ ਆਪਣੀ ਚੋਣ ਮੁਹਿੰਮ ਦੌਰਾਨ ਇਸ ਦਾ ਇਸਤੇਮਾਲ ਕਰ ਸਕਦੀ ਹੈ।