Arvind Kejriwal: ਭਾਜਪਾ ਨੇ ਅੱਜ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ਦੇ ਸੁੰਦਰੀਕਰਨ ’ਤੇ 45 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪਾਰਟੀ ਨੇ ਦੋਸ਼ ਲਾਇਆ ਕਿ ਬੰਗਲੇ ਦੀ ਮੁਰੰਮਤ 'ਤੇ ਖਰਚੀ ਵੱਡੀ ਰਕਮ ਆਮ ਆਦਮੀ ਪਾਰਟੀ (ਆਪ) ਦੇ ਸੰਸਥਾਪਕ ਦੇ ਵਿਚਾਰਧਾਰਕ 'ਨਵੀਨੀਕਰਨ' ਦੀ ਨਿਸ਼ਾਨੀ ਹੈ, ਜਿਸ ਨੇ ਰਾਜਨੀਤੀ ਵਿਚ ਦਾਖਲ ਹੋਣ 'ਤੇ ਇਮਾਨਦਾਰੀ ਤੇ ਸਾਦਗੀ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕੀਤਾ ਸੀ।
ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਉਨ੍ਹਾਂ ਨੂੰ 'ਮਹਾਰਾਜਾ' ਕਰਾਰ ਦਿੱਤਾ। ਭਾਜਪਾ ਦੇ ਬੁਲਾਰੇ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਖ਼ਬਰਾਂ ਨੂੰ ਦਬਾਉਣ ਲਈ ਮੀਡੀਆ ਹਾਊਸਾਂ ਨੂੰ 20 ਕਰੋੜ ਤੋਂ 50 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ ਪਰ ਨਿਊਜ਼ ਚੈਨਲਾਂ ਅਤੇ ਅਖਬਾਰਾਂ ਨੇ ਉਸ ਦੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਤਰਾ ਨੇ ਕਿਹਾ ਕਿ ਕੇਜਰੀਵਾਲ ਦੇ ਬੰਗਲੇ ਲਈ ਖਰੀਦੇ ਗਏ ਅੱਠ ਪਰਦਿਆਂ ਵਿੱਚੋਂ ਇੱਕ ਦੀ ਕੀਮਤ 7.94 ਲੱਖ ਰੁਪਏ ਤੋਂ ਵੱਧ ਹੈ, ਜਦੋਂ ਕਿ ਸਭ ਤੋਂ ਸਸਤੇ ਦੀ ਕੀਮਤ 3.57 ਲੱਖ ਰੁਪਏ ਹੈ। ਭਾਜਪਾ ਦੇ ਬੁਲਾਰੇ ਨੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੰਗਲੇ ਲਈ 1.15 ਕਰੋੜ ਰੁਪਏ ਦਾ ਸੰਗਮਰਮਰ ਵੀਅਤਨਾਮ ਤੋਂ ਲਿਆਂਦਾ ਗਿਆ ਸੀ, ਜਦਕਿ 4 ਕਰੋੜ ਰੁਪਏ ਕੰਧਾਂ 'ਤੇ ਖਰਚ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਇਹ ਮਹਾਰਾਜੇ ਦੀ ਕਹਾਣੀ ਹੈ ਜੋ ‘ਬੇਸ਼ਰਮ’ ਹੈ। ਪਾਤਰਾ ਦੀ ਇਸ ਟਿੱਪਣੀ ਨੂੰ ਦਿੱਲੀ ਵਿਧਾਨ ਸਭਾ 'ਚ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੀਤੇ ਗਏ ਹਮਲੇ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਕੇਜਰੀਵਾਲ ਨੇ ਵਿਧਾਨ ਸਭਾ 'ਚ ਮਹਾਰਾਜੇ ਦੀ ਕਹਾਣੀ ਸੁਣਾ ਕੇ ਪ੍ਰਧਾਨ ਮੰਤਰੀ 'ਤੇ ਵਿਅੰਗ ਕੀਤਾ ਸੀ।
ਹੋਰ ਪੜ੍ਹੋ : Parkash Singh Badal Death: ਪੀਐਮ ਮੋਦੀ ਨੇ ਚੰਡੀਗੜ੍ਹ ਪਹੁੰਚ ਬਾਦਲ ਨੂੰ ਦਿੱਤੀ ਸ਼ਰਧਾਂਜਲੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।