ਲਖਨਊ: ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਬੇਅਸਰ ਕਰਨ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਵੱਡੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਭਾਜਪਾ ਲਗਪਗ 2,000 ਉੱਘੀਆਂ ਸ਼ਖ਼ਸੀਅਤਾਂ ਨਾਲ ਸੰਪਰਕ ਕਰੇਗੀ, ਜੋ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਕਰਨਗੇ।


ਇਸ ਮੁਹਿੰਮ ਵਿੱਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਕਾਰਜਕਾਰੀ ਪ੍ਰਧਾਨ ਜੇਪੀ ਨੱਡਾ, ਸੀਨੀਅਰ ਮੰਤਰੀ ਤੇ ਮੁੱਖ ਮੰਤਰੀ ਵੀ ਹਿੱਸਾ ਲੈਣਗੇ। ਇਨ੍ਹਾਂ ਤੋਂ ਇਲਾਵਾ ਫ਼ਿਲਮੀ ਹਸਤੀਆਂ, ਖੇਡ ਤੇ ਸਿੱਖਿਆ ਖੇਤਰ ਦੀਆਂ ਮੁੱਖ ਸ਼ਖ਼ਸੀਅਤਾਂ ਨੂੰ ਵੀ ਇਸ ਮੁਹਿੰਮ ਵਿੱਚ ਸਾਮਲ ਕੀਤਾ ਜਾਵੇਗਾ। ਮੁਹਿੰਮ ਪਹਿਲੀ ਸਤੰਬਰ ਤੋਂ 30 ਸਤੰਬਰ ਦਰਮਿਆਨ 370 ਥਾਵਾਂ 'ਤੇ ਜਨਸੰਪਰਕ ਸਭਾਵਾਂ ਵੀ ਕਰਵਾਏਗੀ। ਇਨ੍ਹਾਂ ਦੋਵਾਂ ਪ੍ਰੋਗਰਾਮਾਂ ਦੀ ਅਗਵਾਈ ਭਾਜਪਾ ਨੇਤਾ ਧਰਮੇਂਦਰ ਪ੍ਰਧਾਨ ਤੇ ਗਜੇਂਦਰ ਸਿੰਘ ਸ਼ੇਖਾਵਤ ਕਰਨਗੇ।

ਮੁਹਿੰਮ ਵਿੱਚ ਦੱਸਿਆ ਜਾਵੇਗਾ ਕਿ ਧਾਰਾ 370 ਨੂੰ ਕਿਓਂ ਹਟਾਇਆ ਗਿਆ ਹੈ ਅਤੇ ਇਸ ਦੇ ਕੀ ਨਤੀਜੇ ਹੋਣਗੇ। ਮੁਹਿੰਮ ਲਈ ਚੁਣੇ ਗਏ ਲੋਕਾਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਵੀ ਮਿਲਣਗੇ।