PM Jammu Kashmir Visit: ਪ੍ਰਧਾਨ ਮੰਤਰੀ ਦੇ ਜੰਮੂ-ਕਸ਼ਮੀਰ ਦੌਰੇ ਤੋਂ ਕੁਝ ਘੰਟੇ ਪਹਿਲਾਂ ਜੰਮੂ ਵਿੱਚ ਇੱਕ ਸ਼ੱਕੀ ਧਮਾਕਾ ਹੋਣ ਤੋਂ ਬਾਅਦ ਹਫੜਾ-ਦਫੜੀ ਮਚ ਗਈ ਹੈ। ਐਤਵਾਰ ਸਵੇਰੇ ਹੋਏ ਇਸ ਧਮਾਕੇ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਰਿਪੋਰਟ ਮੁਤਾਬਕ ਇਹ ਧਮਾਕਾ ਜੰਮੂ ਦੇ ਬਿਸ਼ਨਾਹ ਦੇ ਲਲਿਆਨਾ ਪਿੰਡ 'ਚ ਹੋਇਆ ਹੈ। ਇਹ ਪ੍ਰਧਾਨ ਮੰਤਰੀ ਦੀ ਰੈਲੀ ਵਾਲੀ ਥਾਂ ਤੋਂ 7 ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਦੇ ਨਾਲ ਹੀ ਇਸ ਧਮਾਕੇ ਕਾਰਨ ਜ਼ਮੀਨ ਵਿੱਚ ਡੇਢ ਫੁੱਟ ਡੂੰਘਾ ਟੋਆ ਬਣ ਗਿਆ।

 


ਇਸ ਦੇ ਨਾਲ ਹੀ ਇਸ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਬਿਸ਼ਨਾਹ ਦੇ ਲਲਿਆਨਾ ਪਿੰਡ ਵਿੱਚ ਖੁੱਲੀ ਖੇਤੀ ਵਾਲੀ ਜ਼ਮੀਨ ਵਿੱਚ ਪਿੰਡ ਵਾਸੀਆਂ ਵੱਲੋਂ ਇੱਕ ਸ਼ੱਕੀ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ। ਹੁਣ ਤੱਕ ਦੀ ਜਾਂਚ ਵਿੱਚ ਬਿਜਲੀ ਡਿੱਗਣ ਜਾਂ ਉਲਕਾ ਪਿੰਡ ਡਿੱਗਣ ਦੀ ਸੰਭਾਵਨਾ ਹੈ। ਸਾਡੀ ਜਾਂਚ ਜਾਰੀ ਹੈ।

 

 ਸ਼ੁੱਕਰਵਾਰ ਨੂੰ ਕੀਤੀ ਗਈ ਸੀ ਹਮਲੇ ਦੀ ਕੋਸ਼ਿਸ਼  


ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ-ਕਸ਼ਮੀਰ ਦੌਰੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਆਤਮਘਾਤੀ ਹਮਲੇ ਦੀ ਯੋਜਨਾ ਬਣਾਈ ਸੀ ਪਰ CISF ਦੀ ਮੁਸਤੈਦੀ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਸੁਰੱਖਿਆ ਕਰਮੀਆਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਇਸ 'ਚ 2 ਸ਼ੱਕੀ ਪਾਕਿਸਤਾਨੀ ਅੱਤਵਾਦੀ ਮਾਰੇ ਗਏ। ਇਸ ਦੇ ਨਾਲ ਹੀ ਮੁਕਾਬਲੇ 'ਚ CISF ਦਾ ਇਕ ਅਧਿਕਾਰੀ ਵੀ ਸ਼ਹੀਦ ਹੋ ਗਿਆ। ਇਹ ਮੁਕਾਬਲਾ ਜੰਮੂ ਦੇ ਬਾਹਰਵਾਰ ਸੁੰਜਵਾਨ ਵਿੱਚ ਹੋਇਆ।

 

 ਆਤਮਘਾਤੀ ਸਨ ਅੱਤਵਾਦੀ 

ਇਸ ਮੁਕਾਬਲੇ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਫਿਦਾਇਨ ਸਨ ਅਤੇ ਆਤਮਘਾਤੀ ਜੈਕਟ ਪਾ ਕੇ ਆਏ ਸਨ। ਅੱਤਵਾਦੀਆਂ ਕੋਲੋਂ ਦੋ ਏਕੇ-47 ਅਤੇ ਗ੍ਰਨੇਡ ਵੀ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ ਇੱਕ ਆਤਮਘਾਤੀ ਜੈਕੇਟ ਵੀ ਬਰਾਮਦ ਹੋਈ ਹੈ। ਸੁੰਜਵਾਂ 'ਚ ਜਿਸ ਥਾਂ 'ਤੇ ਇਹ ਮੁਕਾਬਲਾ ਹੋਇਆ, ਉਹ ਪੀਐਮ ਮੋਦੀ ਦੀ ਮੀਟਿੰਗ ਵਾਲੀ ਥਾਂ ਤੋਂ ਮਹਿਜ਼ 15 ਕਿਲੋਮੀਟਰ ਦੂਰ ਹੈ। ਇਸ ਹਮਲੇ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।