ਬਜਟ 2019: ਮਜ਼ਦੂਰਾਂ ਲਈ ਪੈਨਸ਼ਨ ਦਾ ਐਲਾਨ, 10 ਕਰੋੜ ਲੋਕਾਂ ਨੂੰ ਫਾਇਦਾ
ਏਬੀਪੀ ਸਾਂਝਾ | 01 Feb 2019 01:41 PM (IST)
ਚੰਡੀਗੜ੍ਹ: ਚੋਣਾਂ ਦੇ ਮਾਹੌਲ ਵਿੱਚ ਆਪਣੇ ਅੰਤ੍ਰਿਮ ਬਜਟ ’ਚ ਮੋਦੀ ਸਰਕਾਰ ਨੇ ਮਜ਼ਦੂਰਾਂ ਲਈ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਪਿਊਸ਼ ਗੋਇਲ ਨੇ ਬਜਟ ਭਾਸ਼ਣ ਵਿੱਚ ‘ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਯੋਜਨਾ’ ਦਾ ਐਲਾਨ ਕੀਤਾ। ਗੋਇਲ ਨੇ ਕਿਹਾ ਕਿ ਇਸ ਯੋਜਨਾ ਨਾਲ 10 ਕਰੋੜ ਕਾਮਿਆਂ ਨੂੰ ਲਾਹਾ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਗਲੇ ਪੰਜ ਸਾਲਾਂ ਵਿੱਚ ਅਸੰਗਠਿਤ ਖੇਤਰ ਲਈ ਵਿਸ਼ਵ ਦੀ ਸਭ ਤੋਂ ਵੱਡੀ ਪੈਨਸ਼ਨ ਯੋਜਨਾ ਬਣ ਸਕਦੀ ਹੈ। ਇਸ ਯੋਜਨਾ ਦੇ ਤਹਿਤ ਕਾਮਿਆਂ ਨੂੰ 60 ਸਾਲ ਦੀ ਉਮਰ ਦੇ ਬਾਅਦ 3 ਹਜ਼ਾਰ ਰੁਪਏ ਦੀ ਮਾਸਿਕ ਪੈਨਸ਼ਨ ਦਿੱਤੀ ਜਾਏਗੀ। ਇਸ ਯੋਜਨਾ ਲਈ ਕਾਮਿਆਂ ਨੂੰ ਹਰ ਮਹੀਨੇ 100 ਰੁਪਏ ਦਾ ਯੋਗਦਾਨ ਦੇਣਾ ਪਏਗਾ। ਵਿੱਤ ਮੰਤਰੀ ਨੇ ਸਪਸ਼ਟ ਕੀਤਾ ਕਿ ਜੇ ਕਾਰਜਕਾਲ ਦੌਰਾਨ ਕਿਸੇ ਕਾਮੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਲਈ 2.5 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਦੀ ਸਹਾਇਤਾ ਦੀ ਵਿਵਸਥਾ ਕੀਤੀ ਗਈ ਹੈ। ਗੋਇਲ ਨੇ ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਯੋਜਨਾ ਦਾ ਐਲਾਨ ਕੀਤਾ। ਇਸ ਨਾਲ 15 ਹਜ਼ਾਰ ਰੁਪਏ ਤਕ ਕਮਾਈ ਕਰਨ ਵਾਲੇ 10 ਕਰੋੜ ਕਾਮਿਆਂ (ਮਜ਼ਦੂਰਾਂ) ਨੂੰ ਲਾਭ ਮਿਲੇਗਾ। ਵਿੱਤ ਮੰਤਰੀ ਨੇ ਮਨਰੇਗਾ ਅਧੀਨ 2019-20 ਲਈ 60 ਹਜ਼ਾਰ ਕਰੋੜ ਰੁਪਏ ਦੀ ਰਕਮ ਵਧਾਉਣ ਦਾ ਐਲਾਨ ਕੀਤਾ। ਸ਼ਹਿਰੀ-ਦਿਹਾਤੀ ਖੇਤਰਾਂ ਵਿੱਚ ਫਰਕ ਨੂੰ ਘੱਟ ਕਰਨ 'ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੇ ਗਰੀਬਾਂ ਦਾ ਦੇਸ਼ ਦੇ ਸਰੋਤਾਂ 'ਤੇ ਪਹਿਲਾ ਅਧਿਕਾਰ ਹੈ। ਲੋਕ ਸਭਾ ਵਿੱਚ 2019-20 ਦੇ ਬਜਟ ਪੇਸ਼ ਕਰਦੇ ਹੋਏ ਗੋਇਲ ਨੇ ਕਿਹਾ ਕਿ ਉਹ ਪਿੰਡਾਂ ਦੀ ਆਤਮਾ ਨੂੰ ਸੁਰੱਖਿਅਤ ਰੱਖਦਿਆਂ ਹੋਇਆਂ ਪੇਂਡੂ ਖੇਤਰਾਂ ਵਿੱਚ ਸ਼ਹਿਰੀ ਸੁਵਿਧਾਵਾਂ ਮੁਹੱਈਆ ਕਰਾਉਣ ਦੀ ਯੋਜਨਾ ਉਲੀਕ ਰਹੇ ਹਨ।