Air India: ਏਅਰ ਇੰਡੀਆ ਦੇ ਗਰਾਊਂਡ ਹੈਂਡਲਿੰਗ ਸੇਵਾ ਪ੍ਰਦਾਤਾ ਕੰਪਨੀ AI SATS ਦੀ ਇੱਕ ਬੱਸ ਨੂੰ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 (T3) 'ਤੇ ਅਚਾਨਕ ਅੱਗ ਲੱਗ ਗਈ। ਇਹ ਘਟਨਾ ਬੇ ਨੰਬਰ 32 ਦੇ ਨੇੜੇ ਵਾਪਰੀ, ਜੋ ਕਿ ਜਹਾਜ਼ ਤੋਂ ਕੁਝ ਮੀਟਰ ਦੀ ਦੂਰੀ 'ਤੇ ਸੀ।
ਗਨੀਮਤ ਰਹੀ ਕਿ ਉਸ ਵੇਲੇ ਬੱਸ ਵਿੱਚ ਕੋਈ ਵੀ ਮੁਸਾਫਰ ਨਹੀਂ ਸੀ, ਜਿਸ ਨਾਲ ਇੱਕ ਵੱਡਾ ਹਾਦਸਾ ਵਾਪਰਨ ਤੋਂ ਟੱਲ ਗਿਆ। ਫਾਇਰਫਾਈਟਰਜ਼ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਕਿਸੇ ਦੇ ਜ਼ਖ਼ਮੀ ਹੋਣ ਜਾਂ ਨੇੜੇ-ਤੇੜੇ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਦਰਜ ਕੀਤੀ ਗਈ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਅਰ ਇੰਡੀਆ ਦੇ ਅਧਿਕਾਰਤ ਬਿਆਨ ਦੀ ਉਡੀਕ ਹੈ। ਇਸ ਘਟਨਾ ਕਾਰਨ ਹਵਾਈ ਅੱਡੇ 'ਤੇ ਥੋੜ੍ਹੀ ਜਿਹਾ ਹੰਗਾਮਾ ਹੋਇਆ, ਪਰ ਹੁਣ ਸਥਿਤੀ ਪੂਰੀ ਤਰ੍ਹਾਂ ਆਮ ਦੱਸੀ ਜਾ ਰਹੀ ਹੈ।
ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ, ਜਿਸ ਵਿੱਚ ਤਿੰਨ ਟਰਮੀਨਲ ਅਤੇ ਚਾਰ ਰਨਵੇ ਹਨ। ਇਸ ਵਿੱਚ ਸਾਲਾਨਾ 100 ਮਿਲੀਅਨ ਤੋਂ ਵੱਧ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਹੈ। ਟਰਮੀਨਲ 3 (T3) ਦੁਨੀਆ ਦੇ ਸਭ ਤੋਂ ਵੱਡੇ ਟਰਮੀਨਲਾਂ ਵਿੱਚੋਂ ਇੱਕ ਹੈ ਅਤੇ ਸਾਲਾਨਾ ਲਗਭਗ 40 ਕਰੋੜ ਯਾਤਰੀਆਂ ਨੂੰ ਸਰਵਿਸ ਦਿੰਦਾ ਹੈ।
ਇਹ ਟਰਮੀਨਲ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੋਵਾਂ ਲਈ ਵਰਤਿਆ ਜਾਂਦਾ ਹੈ। ਇਸ ਦੀ ਥੱਲ੍ਹੇ ਵਾਲੀ ਮੰਜਿਲ ਆਗਮਨ ਖੇਤਰ ਵਜੋਂ ਕੰਮ ਕਰਦੀ ਹੈ ਅਤੇ ਉੱਪਰਲੀ ਮੰਜਿਲ ਰਵਾਨਗੀ ਖੇਤਰ ਵਜੋਂ ਕੰਮ ਕਰਦੀ ਹੈ। ਪਿਛਲੇ ਹਫ਼ਤੇ, ਹਵਾਈ ਅੱਡੇ ਨੇ ਮੁਰੰਮਤ ਤੋਂ ਬਾਅਦ ਆਪਣਾ ਟਰਮੀਨਲ 2 (T2) ਦੁਬਾਰਾ ਖੋਲ੍ਹਿਆ, ਜਿਸ ਨਾਲ ਯਾਤਰੀਆਂ ਦੀਆਂ ਸਹੂਲਤਾਂ ਵਿੱਚ ਸੁਧਾਰ ਹੋਇਆ। ਇਸ ਨਾਲ ਹਵਾਈ ਅੱਡੇ ਦੀ ਸਮਰੱਥਾ ਅਤੇ ਸੰਚਾਲਨ ਕੁਸ਼ਲਤਾ ਦੋਵਾਂ ਵਿੱਚ ਸੁਧਾਰ ਹੋਣ ਦੀ ਉਮੀਦ ਹੈ।