ਅੰਬਾਲਾ: ਡੇਰਾ ਬਿਆਸ ਜਾ ਰਹੀ ਔਰਤ ਨਾਲ ਅੰਬਾਲਾ ਛਾਉਣੀ ਦੇ ਬੱਸ ਸਟੈਂਡ ਅੰਦਰ ਕੰਡਰਕਟਰ ਵੱਲੋਂ ਕੁੱਟਮਾਰ ਕਰਨ ਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤਰਸੇਮ ਕੌਰ ਦੀ ਸ਼ਿਕਾਇਤ 'ਤੇ ਨਰੇਂਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਜਗਾਧਰੀ ਤੋਂ ਸਹਿਕਾਰੀ ਸਭਾ ਦੀ ਬੱਸ ਦਾ ਕੰਡਕਟਰ ਨਰੇਂਦਰ ਕੁਮਾਰ ਆਪਣੀ ਬੱਸ ਅੰਬਾਲਾ ਸ਼ਹਿਰ ਲੈ ਕੇ ਆ ਰਿਹਾ ਸੀ। ਜਦੋਂ ਬੱਸ ਸਟੈਂਡ ਪਹੁੰਚੇ ਤਾਂ ਉਸ ਨੇ ਨੇੜੇ ਖੜ੍ਹੀ ਔਰਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਨਰੇਂਦਰ ਨੇ ਤਰਸੇਮ ਕੌਰ ਦੇ ਕੇਸ ਵੀ ਫੜ ਲਏ ਤੇ ਆਪਣੀ ਜੁੱਤੀ ਨਾਲ ਉਸ 'ਤੇ ਕਈ ਵਾਰ ਕੀਤੇ। ਇੰਨਾ ਹੀ ਨਹੀਂ ਉਸ ਨੇ ਆਪਣੀ ਬੱਸ ਦੇ ਕਲੀਂਡਰ ਨੂੰ ਇਸ ਸਾਰੀ ਘਟਨਾ ਦੀ ਵੀਡੀਓ ਬਣਾਉਣ ਲਈ ਵੀ ਕਿਹਾ ਤੇ ਬਾਅਦ ਵਿੱਚ ਇਹ ਵੀਡੀਓ ਵਾਇਰਲ ਵੀ ਕਰ ਦਿੱਤੀ।

ਨਰੇਂਦਰ ਕਹਿ ਰਿਹਾ ਸੀ ਕਿ ਔਰਤ ਉਸ ਨੂੰ ਦੱਸੇ ਕਿ ਉਸ ਨੇ ਕਿਸ ਨਾਲ ਛੇੜਖਾਨੀ ਕੀਤੀ ਹੈ। ਉੱਧਰ, ਤਰਸੇਮ ਕੌਰ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਕੰਡਕਟਰ ਨੇ ਉਸ ਦੀ ਰਿਸ਼ਤੇਦਾਰ ਦੀ ਧੀ ਨਾਲ ਛੇੜਖਾਨੀ ਕੀਤੀ ਸੀ, ਜਿਸ ਮਗਰੋਂ ਉਸ ਦਾ ਕੁਟਾਪਾ ਕੀਤਾ ਗਿਆ ਸੀ। ਇਸ ਕਾਰਨ ਉਹ ਉਸ ਨਾਲ ਖਾਰ ਖਾਂਦਾ ਸੀ। ਤਰਸੇਮ ਕੌਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਦ ਉਹ ਬਿਆਸ ਜਾ ਰਹੀ ਸੀ ਤਾਂ ਨਰੇਂਦਰ ਨੇ ਉਸ ਨਾਲ ਕੁੱਟਮਾਰ ਕੀਤੀ। ਤਰਸੇਮ ਕੌਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਲਾਲ ਕੁਰਤੀ ਚੌਕੀ ਵਿੱਚ ਮੀਆਂ ਮਾਜਰਾ ਦੇ ਰਹਿਣ ਵਾਲੇ ਨਰੇਂਦਰ ਕੁਮਾਰ ਖ਼ਿਲਾਫ਼ ਕੇਸਸ ਦਰਜ ਕਰ ਲਿਆ ਹੈ।