ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇਪੀ ਨੱਡਾ ਨੇ ਵੱਖ-ਵੱਖ ਸੂਬਿਆਂ ਦੀਆਂ ਤਿੰਨ ਲੋਕ ਸਭਾ ਤੇ 29 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਦੇ ਪ੍ਰਦਰਸ਼ਨ ਲਈ ਜਨਤਾ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੌਮੀ ਜਮਹੂਰੀ ਗਠਜੋੜ (NDA) ਦੀਆਂ ਸਰਕਾਰਾਂ ਦੇਸ਼ ਦੇ ਹਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨ ਕਰ ਰਹੀਆਂ ਹਨ।
ਤਿੰਨ ਸੂਬਿਆਂ ਦੇ ਨਤੀਜਿਆਂ 'ਤੇ ਧਾਰੀ ਚੁੱਪ
ਹਾਲਾਂਕਿ ਉਨ੍ਹਾਂ ਨੇ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੇ ਨਤੀਜਿਆਂ 'ਤੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਦਾ ਸਫ਼ਾਇਆ ਹੋ ਗਿਆ। ਐਨਡੀਏ ਨੇ ਅਸਾਮ, ਬਿਹਾਰ ਤੇ ਮੱਧ ਪ੍ਰਦੇਸ਼ ਵਿੱਚ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ ਜਦਕਿ ਕਰਨਾਟਕ ਵਿੱਚ ਮਿਲਿਆ-ਜੁਲਿਆ ਪ੍ਰਦਰਸ਼ਨ ਰਿਹਾ। ਨੱਡਾ ਨੇ ਸਿਲਸਿਲੇਵਾਰ ਟਵੀਟ ਕਰਦਿਆਂ ਕਿਹਾ, "ਮੈਂ ਵਰਕਰਾਂ ਨੂੰ ਵਧਾਈ ਦਿੰਦਾ ਹਾਂ ਤੇ ਲੋਕ ਸਭਾ ਤੇ ਵਿਧਾਨ ਸਭਾ ਉਪ ਚੋਣਾਂ ਵਿੱਚ ਭਾਜਪਾ ਤੇ ਐਨਡੀਏ ਦੀ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ। ਲਗਾਤਾਰ ਪ੍ਰਤੀਬੱਧ ਹਾਂ।"
'ਪੀਐਮ ਮੋਦੀ ਦੀ ਅਗਵਾਈ 'ਚ ਜਿੱਤ'
ਉਨ੍ਹਾਂ ਨੇ ਖੰਡਵਾ ਲੋਕ ਸਭਾ ਤੇ ਮੱਧ ਪ੍ਰਦੇਸ਼ ਦੀਆਂ ਦੋ ਵਿਧਾਨ ਸਭਾ ਸੀਟਾਂ 'ਤੇ ਭਾਜਪਾ ਦੀ ਜਿੱਤ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ 'ਤੇ ਜਨਤਾ ਦੇ ਭਰੋਸੇ ਦਾ ਪ੍ਰਤੀਕ ਦੱਸਿਆ। ਇਸ ਦੇ ਨਾਲ ਹੀ ਅਸਾਮ ਦੇ ਨਤੀਜਿਆਂ ਨੂੰ ਇੱਕ ਵਿਕਸਤ ਉੱਤਰ ਪੂਰਬ ਵੱਲ ਪ੍ਰਧਾਨ ਮੰਤਰੀ ਦੇ ਸੰਕਲਪ ਵਿੱਚ ਲੋਕਾਂ ਦੇ ਨਿਰੰਤਰ ਵਿਸ਼ਵਾਸ ਵਜੋਂ ਦਰਸਾਇਆ ਗਿਆ ਹੈ।
ਜਨਤਾ ਦਾ ਧੰਨਵਾਦ ਕੀਤਾ
ਬਿਹਾਰ ਵਿੱਚ ਐਨਡੀਏ ਦੀ ਜਿੱਤ ’ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਐਨਡੀਏ ਸਰਕਾਰ ਸੂਬੇ ਦੇ ਨਿਰੰਤਰ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਸਮਰਪਿਤ ਹੈ। ਉਨ੍ਹਾਂ ਤੇਲੰਗਾਨਾ ਦੇ ਹਜ਼ੂਰਾਬਾਦ ਵਿੱਚ ਭਾਜਪਾ ਦੀ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਸੂਬੇ ਦੀ ਭਲਾਈ ਲਈ ਵਚਨਬੱਧ ਹੈ।
ਕਿਸ ਨੇ ਕਿੰਨੀਆਂ ਸੀਟਾਂ ਜਿੱਤੀਆਂ
ਇਨ੍ਹਾਂ ਸਾਰੀਆਂ ਸੀਟਾਂ 'ਤੇ 30 ਅਕਤੂਬਰ ਨੂੰ ਵੋਟਾਂ ਪਈਆਂ ਸੀ। ਜਿਨ੍ਹਾਂ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਈਆਂ ਸੀ, ਉਨ੍ਹਾਂ 'ਚੋਂ 9 ਸੀਟਾਂ 'ਤੇ ਕਾਂਗਰਸ ਤੇ ਅੱਧੀ ਦਰਜਨ ਸੀਟਾਂ 'ਤੇ ਭਾਜਪਾ ਦਾ ਕਬਜ਼ਾ ਸੀ। ਤ੍ਰਿਣਮੂਲ ਕਾਂਗਰਸ, ਜਨਤਾ ਦਲ (ਯੂਨਾਈਟਿਡ), ਇੰਡੀਅਨ ਨੈਸ਼ਨਲ ਲੋਕ ਦਲ ਸਮੇਤ ਕੁਝ ਖੇਤਰੀ ਪਾਰਟੀਆਂ ਕੋਲ ਹੋਰ ਸੀਟਾਂ ਸੀ।
ਇਹ ਮੁੱਦੇ ਰਹੇ ਹਾਵੀ
ਇਹ ਜ਼ਿਮਣੀ ਚੋਣਾਂ ਅਜਿਹੇ ਸਮੇਂ ਹੋਈਆਂ ਹਨ ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਵੇਂ ਰਿਕਾਰਡ ਬਣਾ ਰਹੀਆਂ ਹਨ ਤੇ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਇਨ੍ਹਾਂ ਤੋਂ ਇਲਾਵਾ ਕਿਸਾਨ ਅੰਦੋਲਨ, ਕੋਰੋਨਾ ਮਹਾਮਾਰੀ ਦੇ ਮਾੜੇ ਪ੍ਰਭਾਵਾਂ ਅਤੇ ਦੇਸ਼ ਭਰ ਵਿੱਚ ਚੱਲ ਰਹੇ ਕੋਵਿਡ-19 ਟੀਕਾਕਰਨ ਸਮੇਤ ਕਈ ਹੋਰ ਖੇਤਰੀ ਤੇ ਸਥਾਨਕ ਮੁੱਦੇ ਵੀ ਇਨ੍ਹਾਂ ਜ਼ਿਮਣੀ ਚੋਣਾਂ ਵਿੱਚ ਹਾਵੀ ਰਹੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904