By Elections Result: ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਚਰਚਾ ਅਜੇ ਰੁਕੀ ਨਹੀਂ ਸੀ ਕਿ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਐਨਡੀਏ ਦੇ ਹੋਸ਼ ਉਡਾ ਦਿੱਤੇ ਹਨ।। ਲੋਕ ਸਭਾ ਚੋਣਾਂ 'ਚ ਭਾਜਪਾ ਵੱਡੀ ਗਿਣਤੀ ਸੀਟਾਂ ਗੁਆ ਚੁੱਕੀ ਹੈ। ਇਸ ਤੋਂ ਬਾਅਦ 7 ਰਾਜਾਂ ਦੀਆਂ 13 ਸੀਟਾਂ 'ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਵੀ ਆ ਗਏ ਹਨ। ਇਨ੍ਹਾਂ ਵਿੱਚ ਵੀ ਐਨਡੀਏ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਕਾਂਗਰਸ ਨੇ ਦੋ-ਦੋ ਸੀਟਾਂ ਜਿੱਤੀਆਂ, ਜਦੋਂਕਿ ਪੱਛਮੀ ਬੰਗਾਲ ਵਿੱਚ ਟੀਐਮਸੀ ਨੇ ਸਾਰੀਆਂ ਚਾਰ ਸੀਟਾਂ ਉੱਤੇ ਜਿੱਤ ਦਰਜ ਕੀਤੀ। ਹੁਣ ਦੇਖਣਾ ਇਹ ਹੈ ਕਿ ਉਪ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ 'ਤੇ ਇਸ ਦਾ ਕੀ ਪ੍ਰਭਾਵ ਪਵੇਗਾ।



ਜ਼ਿਮਨੀ ਚੋਣਾਂ ਬਾਰੇ ਸੀਨੀਅਰ ਪੱਤਰਕਾਰ ਗੌਤਮ ਲਹਿਰੀ ਦਾ ਕਹਿਣਾ ਹੈ ਕਿ ਧਰੁਵੀਕਰਨ ਦੀ ਸਿਆਸਤ ਫਿਰ ਹਾਰ ਗਈ ਹੈ। ਉਨ੍ਹਾਂ ਕਿਹਾ ਕਿ ਉਤਰਾਖੰਡ ਦੀ ਸੀਟ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ ਸੀ ਤੇ ਯੂਸੀਸੀ ਲਾਗੂ ਹੋਣ ਦੇ ਬਾਵਜੂਦ ਬਦਰੀਨਾਥ ਵਰਗੀ ਸੀਟ ਕਾਂਗਰਸ ਦੇ ਖਾਤੇ ਵਿੱਚ ਚਲੀ ਗਈ। ਜਦੋਂਕਿ ਪੱਛਮੀ ਬੰਗਾਲ ਵਿੱਚ ਦਲਿਤ ਤੇ ਆਦਿਵਾਸੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਟੀਐਮਸੀ ਨੂੰ ਵੋਟਾਂ ਪਾਈਆਂ ਹਨ।


ਸੀਏਏ ਤੋਂ ਬਾਅਦ ਵੀ ਲੋਕਾਂ ਨੇ ਭਾਜਪਾ ਨੂੰ ਨਕਾਰਿਆ


ਸੀਏਏ ਲਾਗੂ ਹੋਣ ਦੇ ਬਾਵਜੂਦ ਭਾਜਪਾ ਨਹੀਂ ਸਗੋਂ ਟੀਐਮਸੀ ਜਿੱਤੀ ਹੈ। ਜਿਹੜੇ ਉਮੀਦਵਾਰ ਪਹਿਲਾਂ ਭਾਜਪਾ ਦੀ ਟਿਕਟ 'ਤੇ ਚੋਣ ਲੜੇ ਸਨ, ਉਹੀ ਇਸ ਉਪ ਚੋਣ 'ਚ ਟੀਐਮਸੀ ਦੀ ਟਿਕਟ 'ਤੇ ਖੜ੍ਹੇ ਪਰ ਜਨਤਾ ਨੇ ਭਾਜਪਾ ਨੂੰ ਨਕਾਰ ਦਿੱਤਾ।



ਭਾਜਪਾ ਨੂੰ ਨਵੇਂ ਹਥਿਆਰ ਦੀ ਲੋੜ


ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਕ ਨਵੇਂ ਹਥਿਆਰ ਦੀ ਲੋੜ ਹੈ। ਪੁਰਾਣੀ ਰਣਨੀਤੀ ਹੁਣ ਕੰਮ ਨਹੀਂ ਕਰੇਗੀ ਤੇ ਭਾਰਤੀ ਜਨਤਾ ਪਾਰਟੀ ਇਸ ਨਾਲ ਕਿਤੇ ਵੀ ਜਿੱਤ ਨਹੀਂ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਮਮਤਾ ਬੈਨਰਜੀ ਖਾਲੀ ਨਾਂ ਦੀ ਹੀ ਇੰਡੀਆ ਗਠਜੋੜ ਦੀ ਸਹਿਯੋਗੀ ਹੈ। ਟੀਐਮਸੀ ਨੇ ਲੋਕ ਸਭਾ ਚੋਣਾਂ ਕਿਸੇ ਨਾਲ ਰਲ ਕੇ ਨਹੀਂ ਲੜੀਆਂ, ਪਰ ਉਪ ਚੋਣਾਂ ਵਿੱਚ ਚਾਰ ਸੀਟਾਂ ਜਿੱਤਣ ਤੋਂ ਬਾਅਦ ਸੰਭਵ ਹੈ ਕਿ ਮਮਤਾ ਬੈਨਰਜੀ ਇੰਡੀਆ ਗਠਜੋੜ ਦੀ ਕਮਾਨ ਸੰਭਾਲਣ ਦੀ ਕੋਸ਼ਿਸ਼ ਕਰ ਸਕਦੀ ਹੈ।


ਜੇ ਟੀਡੀਪੀ ਤੇ ਬਿਹਾਰ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਕੀ ਹੋਵੇਗਾ?


ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਬਜਟ ਸੈਸ਼ਨ ਤੱਕ ਭਾਰਤੀ ਜਨਤਾ ਪਾਰਟੀ ਲਈ ਵੱਡੀ ਪ੍ਰੀਖਿਆ ਹੈ। ਟੀਡੀਪੀ ਤੇ ਬਿਹਾਰ ਦੀਆਂ ਮੰਗਾਂ ਕਿਵੇਂ ਪੂਰੀਆਂ ਕੀਤੀਆਂ ਜਾਣ। ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਖੇਡ ਵੱਖਰੀ ਹੋ ਜਾਵੇਗੀ।