ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬਰੈਂਪਟਨ ਵਿਚ ਸੜਕ ਪਾਰ ਕਰਦੇ ਸਮੇਂ ਟਰੱਕ ਨਾਲ ਟਕਰਾ ਜਾਣ ਕਾਰਨ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਮੀਤ ਪਟੇਲ 12ਵੀਂ ਪਾਸ ਕਰਨ ਤੋਂ ਬਾਅਦ 9 ਮਹੀਨੇ ਪਹਿਲਾਂ ਹੀ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਿਆ ਸੀ।


ਮੀਤ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਰਹਿੰਦਾ ਸੀ। ਕੈਨੇਡਾ ਵਿੱਚ ਪੜ੍ਹਾਈ ਦੇ ਨਾਲ-ਨਾਲ ਉਹ ਵਾਲਮਾਰਟ ਵਿੱਚ ਕੰਮ ਵੀ ਕਰਦਾ ਸੀ। ਜਦੋਂ ਸਵੇਰੇ ਉਹ ਵਾਲਮਾਰਟ ’ਤੇ ਕੰਮ ਲਈ ਜਾ ਰਿਹਾ ਸੀ ਤਾਂ ਸੜਕ ਪਾਰ ਕਰਦੇ ਸਮੇਂ ਟਰੱਕ ਦੀ ਲਪੇਟ ਵਿਚ ਆਉਣ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਗੁਜਰਾਤ ਦੇ ਦੇਹੇਗਾਮ ਦੇ ਸ਼ਿਆਵਾੜਾ ਪਿੰਡ ਦੇ ਮੀਤ ਪਟੇਲ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਕ੍ਰੈਡਿਟ ਵੈਲੀ ਨਾਂ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਥੋੜ੍ਹੇ ਸਮੇਂ ਦੇ ਇਲਾਜ ਤੋ ਬਾਅਦ ਡਾਕਟਰਾਂ  ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਇਸਦੇ ਨਾਲ ਹੀ ਇੰਗਲੈਂਡ ਤੋਂ ਵੀ ਭਾਰਤ ਨਾਲ ਜੁੜੀ ਇਕ ਖਬਰ ਸਾਹਮਣੇ ਆ ਰਹੀ ਹੈ। ਬ੍ਰਿਟੇਨ ਵਿਚ ਭਾਰਤੀ ਮੂਲ ਦੇ 5 ਨੌਜਵਾਨਾਂ ਨੂੰ, ਇਕ 23 ਸਾਲ ਦੇ ਡਿਲੀਵਰੀ ਡਰਾਈਵਰ ਜੋ ਕਿ ਭਾਰਤੀ ਮੂਲ ਦਾ ਹੀ ਸੀ, ਦੇ ਕਤਲ ਦਾ ਦੋਸ਼ੀ ਪਾਏ ਜਾਣ 'ਤੇ ਕੁੱਲ 122 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਪਿਛਲੇ ਸਾਲ ਅਗਸਤ ਵਿੱਚ ਪੱਛਮੀ ਇੰਗਲੈਂਡ ਦੇ ਅਸਬਰੀ ਦੇ ਬਰਵਿਕ ਐਵੇਨਿਊ ਖੇਤਰ ਵਿੱਚ ਇੱਕ ਹਮਲੇ ਦੀ ਸੂਚਨਾ ਮਿਲਣ 'ਤੇ ਮੌਕੇ ਪੁੱਜੀ ਸਥਾਨਕ ਵੈਸਟ ਮਰਸੀਆ ਪੁਲਸ ਨੇ ਓਰਮਨ ਸਿੰਘ ਨੂੰ ਘਟਨਾ ਸਥਾਨ 'ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਅਤੇ ਕਤਲ ਦੇ ਸ਼ੱਕ ਵਿੱਚ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।


ਅਰਸ਼ਦੀਪ ਸਿੰਘ (24), ਜਗਦੀਪ ਸਿੰਘ (23), ਸ਼ਿਵਦੀਪ ਸਿੰਘ (27) ਅਤੇ ਮਨਜੋਤ ਸਿੰਘ (24) ਨੂੰ ਕੁਹਾੜੀ, ਹਾਕੀ ਸਟਿੱਕ ਅਤੇ ਬੇਲਚੇ ਸਮੇਤ ਹਥਿਆਰਾਂ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ। ਇਨ੍ਹਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਵਿਚ ਇਨ੍ਹਾਂ ਸਾਰਿਆਂ ਨੂੰ ਘੱਟੋ-ਘੱਟ 28 ਸਾਲ ਸਲਾਖਾਂ ਪਿੱਛੇ ਰਹਿਣਾ ਪਵੇਗਾ। ਪੰਜਵੇਂ ਭਾਰਤੀ ਮੂਲ ਦੇ ਨੌਜਵਾਨ 24 ਸਾਲਾ ਸੁਖਮਨਦੀਪ ਸਿੰਘ ਨੂੰ ਹਮਲੇ ਵਿਚ ਮਦਦ ਕਰਨ ਲਈ 10 ਸਾਲ ਦੀ ਸਜ਼ਾ ਸੁਣਾਈ ਗਈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।