ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਭਾਰਤੀ ਵਿਦੇਸ਼ੀ ਮੰਤਰੀ ਐਸ. ਜੈਸ਼ੰਕਰ ਨੇ ਖਾਲਿਸਤਾਨ ਦੇ ਮਾਮਲੇ ਨੂੰ ਲੈ ਕੇ ਵੋਟ ਬੈਂਕ ਦੀ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਖਾਲਿਸਤਾਨ ਹਮਾਇਤੀਆਂ ਦੀਆਂ ਸਰਗਰਮੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ, ਪਰ ਟਰੂਡੋ ਸਰਕਾਰ ਨੇ ਪੂਰੀ ਤਰ੍ਹਾਂ ਚੁੱਪ ਹੈ। ਉਨ੍ਹਾਂ ਕਿਹਾ ਕਿ ਜੇ ਕੈਨੇਡਾ 'ਚ ਚੱਲ ਰਹੀਆਂ ਸਰਗਰਮੀਆਂ ਕਾਰਨ ਭਾਰਤ ਦੀ ਸੁਰੱਖਿਆ ਅਤੇ ਏਕਤਾ 'ਤੇ ਅਸਰ ਪਿਆ ਤਾਂ ਸਾਨੂੰ ਇਸ ਦਾ ਜਵਾਬ ਦੇਣਾ ਪਵੇਗਾ।
ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲ ਦੌਰਾਨ ਖਾਲਿਸਤਾਨ ਦੇ ਮਸਲੇ ਕਾਰਨ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਕੈਨੇਡਾ ਸਰਕਾਰ ਵੱਲੋਂ ਖਾਲਿਸਤਾਨ ਦੇ ਮਸਲੇ ਨਜਿੱਠਣ ਲਈ ਅਪਣਾਏ ਜਾ ਰਹੇ ਤੌਰ-ਤਰੀਕੇ ਲੰਬੇ ਸਮੇਂ ਤੋਂ ਸਾਡੇ ਲਈ ਚਿੰਤਾ ਦਾ ਸਬਬ ਬਣੇ ਹੋਏ ਹਨ। ਐਸ. ਜੈਸ਼ੰਕਰ ਨੇ ਅੱਗੇ ਕਿਹਾ ਕਿ ਵੋਟ ਬੈਂਕ ਦੀਆਂ ਮਜਬੂਰੀਆਂ ਕਾਰਨ ਖਾਲਿਸਤਾਨ ਲਹਿਰ ਪ੍ਰਤੀ ਕੈਨੇਡਾ ਸਰਕਾਰ ਦਾ ਕੋਈ ਹੁੰਗਾਰਾ ਨਜ਼ਰ ਨਹੀਂ ਆ ਰਿਹਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਰੈਂਪਟਨ ਵਿਖੇ ਕੱਢੇ ਗਏ ਨਗਰ ਕੀਰਤਨ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੀ ਝਾਕੀ ਵਿਵਾਦ ਦਾ ਕਾਰਨ ਬਣੀ ਅਤੇ ਭਾਰਤ ਸਰਕਾਰ ਵੱਲੋਂ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਜਿਹੀਆਂ ਸਰਗਰਮੀਆਂ 'ਚ ਕੈਨੇਡਾ ਦੀ ਸ਼ਮੂਲੀਅਤ ਦੁਵੱਲੇ ਰਿਸ਼ਤਿਆਂ ਲਈ ਚੰਗੀ ਨਹੀਂ। ਭਾਰਤ ਸਰਕਾਰ ਦਾ ਮੰਨਣਾ ਹੈ ਕਿ ਵੱਖਵਾਦੀਆਂ ਜਾਂ ਹਿੰਸਾ ਦੀ ਵਕਾਲਤ ਕਰਨ ਵਾਲਿਆਂ ਨੂੰ ਖੁੱਲ੍ਹ ਦੇਣੀ ਨਾਂ ਸਿਰਫ਼ ਕੈਨੇਡਾ ਲਈ ਮਾੜੀ ਹੈ ਸਗੋਂ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਵੀ ਪ੍ਰਭਾਵਤ ਕਰਦੀ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਸਰੀ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਰੋਸ ਵਿਖਾਵਾ ਕੀਤਾ ਗਿਆ ਅਤੇ ਇਸ ਦੌਰਾਨ ਭਾਰਤ ਦੇ ਕੌਮੀ ਝੰਡੇ ਦੇ ਅਪਮਾਨ ਦਾ ਮਾਮਲਾ ਵੀ ਚਰਚਾ 'ਚ ਰਿਹਾ ਜਦਕਿ ਇਸ ਤੋਂ ਪਹਿਲਾਂ ਮਾਰਚ 'ਚ ਭਾਰਤ ਦੇ ਹਾਈ ਕਮਿਸ਼ਨਰ ਦੀ ਬੀ.ਸੀ. ਫੇਰੀ ਤੋਂ ਐਨ ਪਹਿਲਾਂ ਵੀ ਖਾਲਿਸਤਾਨ ਹਮਾਇਤੀਆਂ ਵੱਲੋਂ ਰੋਸ ਵਿਖਾਵਾ ਕੀਤਾ ਗਿਆ ਅਤੇ ਇਕ ਪੱਤਰਕਾਰ ਨਾਲ ਧੱਕਾਮੁਕੀ ਦੇ ਮਾਮਲੇ 'ਚ ਆਰ.ਸੀ.ਐਮ.ਪੀ. ਵੱਲੋਂ ਤਿੰਨ ਸਿੱਖਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਨ੍ਹਾਂ ਦੀ ਸ਼ਨਾਖਤ ਵਾਸਤੇ ਲੋਕਾਂ ਤੋਂ ਮਦਦ ਮੰਗੀ ਗਈ।