ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਦੇ ਵਿਕਾਸ ਕਾਰਜਾਂ ਲਈ ਅਹਿਮ ਮੰਗਾਂ ਰੱਖੀਆਂ। ਕੈਪਟਨ ਨੇ ਹਰਦੀਪ ਪੁਰੀ ਨੂੰ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਆਸੀਆਨ ਦੇਸ਼ਾਂ ਦਰਮਿਆਨ ਹਵਾਈ ਸਫਰ ਦੀ ਸੁਵਿਧਾ ਵਧਾਈ ਜਾਵੇ।


ਉਨ੍ਹਾਂ ਖ਼ਾਸ ਤੌਰ 'ਤੇ ਖਾੜੀ ਮੁਲਕ ਅਤੇ ਤੁਰਕੀ ਨਾਲ ਹੋਰ ਹਵਾਈ ਅੱਡਿਆਂ ਦੇ ਮੁਕਾਬਲੇ ਚੰਡੀਗੜ੍ਹ ਦੇ ਵਧੀਆ ਸੰਪਰਕ ਹੋਣ ਦਾ ਦਾਅਵਾ ਕੀਤਾ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਬਦਲ ਕੇ ਜਲੰਧਰ ਹਵਾਈ ਏਅਰਪੋਰਟ ਰੱਖਿਆ ਜਾਵੇ, ਤਾਂ ਜੋ ਇੱਥੇ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਬਿਹਤਰ ਸੁਵਿਧਾ ਮਿਲ ਸਕੇ।


ਆਵਾਸ ਤੇ ਸ਼ਹਿਰੀ ਮਾਮਲਿਆਂ ਦਾ ਆਜ਼ਾਦ ਚਾਰਜ ਰੱਖਣ ਵਾਲੇ ਕੇਂਦਰੀ ਮੰਤਰੀ ਪੁਰੀ ਨੂੰ ਕੈਪਟਨ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਲਈ ਕੇਂਦਰ ਵੱਲੋਂ ਅਲਾਟ ਕੀਤੇ ਜਾਣ ਵਾਲੇ 321 ਕਰੋੜ ਰੁਪਏ ਦੇ ਫੰਡ ਛੇਤੀ ਜਾਰੀ ਕੀਤੇ ਜਾਣ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਨੇ ਪਟਿਆਲਾ, ਬਠਿੰਡਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਕਰਨ ਦੀ ਮੰਗ ਵੀ ਕੀਤੀ।