ਚੰਡੀਗੜ੍ਹ: ਰਾਹੁਲ ਗਾਂਧੀ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫੀ ਨਿਰਾਸ਼ ਹਨ। ਕੈਪਟਨ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਰਾਹੁਲ ਨੂੰ ਉਸੇ ਉਤਸ਼ਾਹ ਨਾਲ ਪਾਰਟੀ ਦੀ ਅਗਵਾਈ ਕਰਦੇ ਰਹਿਣਾ ਚਾਹੀਦਾ ਹੈ, ਜੋ ਉਨ੍ਹਾਂ ਇਸ ਚੋਣ ਮੁਹਿੰਮ ਦੌਰਾਨ ਦਿਖਾਇਆ ਸੀ।


ਪੰਜਾਬ ਵਿੱਚ ਮਿਸ਼ਨ 13 ਦੀ ਅਸਫ਼ਲਤਾ ਤੋਂ ਬਾਅਦ ਇਕੱਲੇ ਨਵਜੋਤ ਸਿੰਘ ਸਿੱਧੂ 'ਤੇ ਸ਼ਹਿਰੀ ਸੀਟਾਂ ਹਾਰਨ ਦਾ ਠੀਕਰਾ ਭੰਨ੍ਹਣ ਵਾਲੇ ਕੈਪਟਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਇਕੱਲੇ ਰਾਹੁਲ ਗਾਂਧੀ 'ਤੇ ਨਹੀਂ ਸਗੋਂ ਇਹ ਪੂਰੀ ਪਾਰਟੀ ਦੀ ਸਾਂਝੀ ਜ਼ਿੰਮੇਵਾਰੀ ਹੈ। ਕੈਪਟਨ ਨੇ ਕਿਹਾ ਕਿ ਇਸ ਸਾਂਝੀ ਹਾਰ ਬਦਲੇ ਰਾਹੁਲ ਨੂੰ ਖ਼ੁਦ ਨੂੰ ਜ਼ਿੰਮੇਵਾਰ ਨਾ ਠਹਿਰਾਉਣ।

ਜ਼ਰੂਰ ਪੜ੍ਹੋ- ਰਾਹੁਲ ਗਾਂਧੀ ਦੀ 4 ਪੰਨਿਆਂ ਦੀ 'ਆਖ਼ਰੀ' ਚਿੱਠੀ ਮਗਰੋਂ ਕਾਂਗਰਸ 'ਚ ਹਲਚਲ

ਮੁੱਖ ਮੰਤਰੀ ਨੇ ਯਕੀਨ ਪ੍ਰਗਟਾਇਆ ਕਿ ਰਾਹੁਲ ਜਲਦ ਹੀ ਪਾਰਟੀ ਦੀ ਅਗਵਾਈ ਕਰਨ ਲਈ ਛੇਤੀ ਹੀ ਪਰਤ ਆਉਣਗੇ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਸਾਨੂੰ ਹਮੇਸ਼ਾ ਰਾਹ ਦਿਖਾਉਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਮਗਰੋਂ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਪਰ ਪਾਰਟੀ ਦੀ ਕਾਰਜਕਾਰਨੀ ਨੇ ਇਸ ਨੂੰ ਪ੍ਰਵਾਨ ਨਹੀਂ ਸੀ ਕੀਤਾ। ਅੱਜ ਰਾਹੁਲ ਗਾਂਧੀ ਨੇ ਆਪਣਾ ਅਸਤੀਫ਼ਾ ਜਨਤਕ ਕਰ ਦਿੱਤਾ ਅਤੇ ਕਾਂਗਰਸ ਵਰਕਿੰਗ ਕਮੇਟੀ ਨੂੰ ਆਪਣਾ ਬਦਲ ਲੱਭਣ ਲਈ ਵੀ ਕਹਿ ਦਿੱਤਾ।

ਇਹ ਵੀ ਪੜ੍ਹੋ- ਰਾਹੁਲ ਗਾਂਧੀ ਦਾ ਐਲਾਨ, 'ਹੁਣ ਮੈਂ ਨਹੀਂ ਪ੍ਰਧਾਨ, ਨਵਾਂ ਚੁਣੋ'