Air India Flight: ਪਿਛਲੇ ਕਈ ਦਿਨਾਂ ਤੋਂ ਲਗਾਤਾਰ ਫਲਾਈਟਸ ਨੂੰ ਬੰਬ ਨਾਲ ਉਡਾਉਣ ਵਾਲੀ ਧਮਕੀਆਂ ਮਿਲ ਰਹੀਆਂ ਹਨ। ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਫਲਾਈਟ ਨੂੰ ਰੋਕਿਆ ਗਿਆ ਸੀ। ਪਰ ਹੁਣ ਇੱਕ ਫਲਾਈਟ ਦੇ ਵਿੱਚ ਕਾਰਤੂਸ ਮਿਲਣ ਦੀ ਖਬਰ ਕਰਕੇ ਹਾਹਾਕਾਰ ਮੱਚ ਗਈ ਹੈ। ਜੀ ਹਾਂ ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦੁਬਈ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਕਾਰਤੂਸ ਮਿਲਿਆ ਹੈ। ਇਹ ਘਟਨਾ 27 ਅਕਤੂਬਰ ਦੀ ਹੈ।
27 ਅਕਤੂਬਰ, 2024 ਨੂੰ ਦੁਬਈ ਤੋਂ ਏਅਰ ਇੰਡੀਆ ਦੀ ਉਡਾਣ AI 916 ਦੀ ਸੀਟ ਜੇਬ ਵਿੱਚੋਂ ਇੱਕ ਕਾਰਤੂਸ ਮਿਲਿਆ ਸੀ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਸਾਰੇ ਯਾਤਰੀ ਜਹਾਜ਼ ਤੋਂ ਸੁਰੱਖਿਅਤ ਉਤਰ ਚੁੱਕੇ ਸਨ।
ਫਲਾਈਟ 'ਚ ਸ਼ੱਕੀ ਵਸਤੂ ਮਿਲਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ
ਏਅਰ ਇੰਡੀਆ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜਿਵੇਂ ਹੀ ਸ਼ੱਕੀ ਵਸਤੂ ਮਿਲੀ, ਏਅਰ ਇੰਡੀਆ ਨੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕੀਤੀ ਅਤੇ ਏਅਰਪੋਰਟ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ। ਏਅਰਲਾਈਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ। ਬੁਲਾਰੇ ਨੇ ਕਿਹਾ ਕਿ ਸਾਡੀਆਂ ਸੁਰੱਖਿਆ ਨੀਤੀਆਂ ਬਹੁਤ ਸਖਤ ਹਨ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਇਨਕਾਰ ਨਹੀਂ ਕਰਦੇ।
ਜਾਂਚ ਕੀਤੀ ਜਾ ਰਹੀ ਹੈ ਕਿਵੇਂ ਫਲਾਈਟ ਅੰਦਰ ਆਇਆ ਕਾਰਤੂਸ
ਸੂਤਰਾਂ ਮੁਤਾਬਕ ਇਹ ਕਾਰਤੂਸ ਫਲਾਈਟ ਦੀ ਰੂਟੀਨ ਚੈਕਿੰਗ ਦੌਰਾਨ ਮਿਲਿਆ ਹੈ। ਫਲਾਈਟ ਦੇ ਲੈਂਡ ਹੋਣ ਅਤੇ ਸਾਰੇ ਯਾਤਰੀਆਂ ਦੇ ਉਤਰਨ ਤੋਂ ਬਾਅਦ, ਕੈਬਿਨ ਕਰੂ ਅਤੇ ਸੁਰੱਖਿਆ ਟੀਮ ਨੇ ਇੱਕ ਰੁਟੀਨ ਜਾਂਚ ਕੀਤੀ ਜਦੋਂ ਸੀਟ ਵਿੱਚ ਇੱਕ ਕਾਰਤੂਸ ਮਿਲਿਆ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਾਰਤੂਸ ਜਹਾਜ਼ 'ਚ ਕਿਵੇਂ ਆਇਆ ਅਤੇ ਇਸ ਨੂੰ ਲਿਆਉਣ ਦਾ ਮਕਸਦ ਕੀ ਸੀ। ਇਸ ਘਟਨਾ ਨੇ ਏਅਰਲਾਈਨਜ਼ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਹਾਜ਼ਾਂ ਵਿਚ ਕਾਰਤੂਸ ਵਰਗੀਆਂ ਚੀਜ਼ਾਂ ਮਿਲਣਾ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ 26 ਅਕਤੂਬਰ ਤੋਂ ਪਹਿਲਾਂ 13 ਦਿਨਾਂ ਵਿੱਚ ਇੰਡੀਅਨ ਏਅਰਲਾਈਨਜ਼ ਦੀਆਂ 300 ਤੋਂ ਵੱਧ ਉਡਾਣਾਂ ਵਿੱਚ ਬੰਬ ਦੀ ਝੂਠੀ ਸੂਚਨਾ ਮਿਲੀ ਸੀ। ਜ਼ਿਆਦਾਤਰ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ ਸਨ। ਸਿਰਫ਼ ਇੱਕ ਦਿਨ ਵਿੱਚ 50 ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਸੀ।