ਭੁਪਾਲ: ਮੱਧ ਪ੍ਰਦੇਸ਼ ਦੇ ਬੈਤੂਲ 'ਚ ਕਿਸਾਨ ਲੀਡਰ 'ਤੇ ਆਰਐਸਐਸ ਮੁਖੀ ਮੋਹਨ ਭਾਗਵਤ ਤੇ ਆਰਐਸਐਸ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਤੋਂ ਬਾਅਦ ਮਾਮਲਾ ਦਰਜ ਹੋਇਆ ਹੈ। ਦਰਅਸਲ ਮਹਾਰਾਸ਼ਟਰ ਦੇ ਕਿਸਾਨ ਲੀਡਰ ਅਰੁਣ ਬਨਕਰ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਨਾਗਪੁਰ ਤੋਂ ਕਿਸਾਨ ਰੈਲੀ ਲੈ ਕੇ ਦਿੱਲੀ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਬੈਤੂਲ 'ਚ ਮੀਡੀਆ ਨਾਲ ਗੱਲ ਕਰਦਿਆਂ ਆਰਐਸਐਸ ਹੈੱਡ ਆਫਿਸ ਤੇ ਮੁਖੀ ਮੋਹਨ ਭਾਗਵਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।


ਅਰੁਣ ਬਨਕਰ ਨੇ ਕਿਹਾ ਸੀ, 'ਹੁਣ ਕਿਸਾਨ ਦਿੱਲੀ 'ਚ ਦਾਖਲ ਹੋ ਗਏ ਹਨ ਤੇ ਪੀਐਮ ਨਰੇਂਦਰ ਮੋਦੀ ਦੇ ਸਾਹਮਣੇ ਇੱਕ ਹੀ ਰਾਹ ਹੈ ਕਿ ਉਹ ਖੇਤੀ ਕਾਨੂੰਨ ਵਾਪਸ ਲੈ ਲੈਣ। ਜੇਕਰ ਉਹ ਕਿਸਾਨਾਂ 'ਤੇ ਗੋਲ਼ੀ ਚਲਾਉਣਗੇ ਤਾਂ ਮੈਂ ਨਾਗਪੁਰ 'ਚ ਰਹਿੰਦਾ ਹਾਂ ਆਰਐਸਐਸ ਦਾ ਉੱਥੇ ਹੈੱਡ ਕੁਆਰਟਰ ਹੈ। ਜੇਕਰ ਮੋਦੀ ਸਰਕਾਰ ਕਿਸਾਨਾਂ 'ਤੇ ਗੋਲ਼ੀਆਂ ਚਲਾਉਣਗੇ ਤਾਂ ਅਸੀਂ ਮੋਹਨ ਭਾਗਵਤ ਨੂੰ ਉਡਾ ਦਿਆਂਗੇ, ਆਰਐਸਐਸ ਹੈੱਡ ਕੁਆਰਟਰ ਉਡਾ ਦਿਆਂਗੇ।'


ਅਰੁਣ ਬਨਕਰ ਦੇ ਇਸ ਬਿਆਨ ਤੋਂ ਬਾਅਦ ਬੈਤੂਲ ਬੀਜੇਪੀ ਜ਼ਿਲ੍ਹਾ ਪ੍ਰਧਾਨ ਆਦਿੱਤਆ ਸ਼ੁਕਲਾ ਨੇ ਕੋਤਵਾਲੀ ਥਾਣੇ 'ਚ ਲਿਖਤੀ ਸ਼ਕਾਇਤ ਦਰਜ ਕਰਵਾਈ ਸੀ ਤੇ ਕਿਹਾ ਸੀ ਅਰੁਣ ਬਨਕਰ 'ਤੇ ਜਾਂਚ ਹੋਣੀ ਚਾਹੀਦੀ ਹੈ ਤੇ ਪਤਾ ਲਾਉਣਾ ਚਾਹੀਦਾ ਹੈ ਕਿ ਉਸ ਕੋਲ ਸੱਚੀ 'ਚ ਬੰਬ ਤਾਂ ਨਹੀਂ? ਜੇਕਰ ਹੈ ਤਾਂ ਕਿੱਥੋਂ ਆਏ? ਉਧਰ ਐਸਡੀਓਪੀ ਨਿਤੇਸ਼ ਪਟੇਲ ਨੇ ਦੱਸਿਆ ਕਿ ਅਰੁਣ ਬਨਕਰ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਜਿਸ 'ਤੇ ਕੋਤਵਾਲੀ ਥਾਣੇ 'ਚ ਧਾਰਾ 505 ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ