CBI - ਸੀ.ਬੀ.ਆਈ ਨੇ ਬੀਤੇ ਸੋਮਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਸਿਸਟੈਂਟ ਡਾਇਰੈਕਟਰ ਪਵਨ ਖੱਤਰੀ ਅਤੇ 6 ਹੋਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਸਾਰੇ ਲੋਕਾਂ 'ਤੇ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਇਕ ਦੋਸ਼ੀ ਤੋਂ ਮਦਦ ਦੇ ਨਾਂ 'ਤੇ 5 ਕਰੋੜ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਪਵਨ ਖੱਤਰੀ ਦਾ ਤਬਾਦਲਾ ਉੱਤਰ-ਪੂਰਬ 'ਚ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਐਫਆਈਆਰ ਮੁਤਾਬਕ ਮੁਲਜ਼ਮਾਂ ਵਿੱਚ ਈਡੀ ਦੇ ਅਸਿਸਟੈਂਟ ਡਾਇਰੈਕਟਰ ਪਵਨ ਖੱਤਰੀ, ਨਿਤੇਸ਼ ਕੋਹਾੜ (ਅਪਰ ਡਿਵੀਜ਼ਨ ਕਲਰਕ), ਦੀਪਕ ਸਾਂਗਵਾਨ (ਏਅਰ ਇੰਡੀਆ ਕਰਮਚਾਰੀ), ਅਮਨਦੀਪ ਸਿੰਘ ਢੱਲ, ਬੀਰੇਂਦਰ ਪਾਲ ਸਿੰਘ, ਪ੍ਰਵੀਨ ਕੁਮਾਰ ਵਤਸ (ਚਾਰਟਰਡ ਅਕਾਊਂਟੈਂਟ) ਅਤੇ ਵਿਕਰਮਾਦਿੱਤਿਆ (ਚਾਰਟਡ ਅਕਾਊਂਟੈਂਟ) ਸ਼ਾਮਲ ਹਨ।
ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਸੀਬੀਆਈ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਕੁਝ ਲੋਕ ਈਡੀ ਦੇ ਸੀਨੀਅਰ ਅਧਿਕਾਰੀਆਂ ਦੇ ਨਾਂ 'ਤੇ ਪੈਸੇ ਇਕੱਠੇ ਕਰ ਰਹੇ ਸਨ। ਬੀਰੇਂਦਰ ਪਾਲ ਸਿੰਘ ਅਮਨ ਢੱਲ ਦਾ ਪਿਤਾ ਹੈ, ਜਿਸ ਨੂੰ ਇਸ ਮਾਮਲੇ ਵਿੱਚ ਈਡੀ ਅਤੇ ਸੀਬੀਆਈ ਦੋਵਾਂ ਨੇ ਗ੍ਰਿਫ਼ਤਾਰ ਕੀਤਾ ਸੀ।
ਮਾਮਲੇ 'ਚ ਮਨੀ ਲਾਂਡਰਿੰਗ ਐਕਟ ਤਹਿਤ ਕਈ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਲਜ਼ਾਮ ਹੈ ਕਿ ਅਮਨ ਢੱਲ ਅਤੇ ਬੀਰੇਂਦਰ ਪਾਲ ਸਿੰਘ ਨੇ ਈਡੀ ਦੀ ਮਦਦ ਦੇ ਬਦਲੇ ਪ੍ਰਵੀਨ ਵਤਸ ਨੂੰ 5 ਕਰੋੜ ਰੁਪਏ ਦਿੱਤੇ ਸਨ।
ਪ੍ਰਵੀਨ ਵਤਸ ਨੇ ਦੱਸਿਆ ਕਿ ਦੀਪਕ ਸਾਂਗਵਾਨ (ਏਅਰ ਇੰਡੀਆ ਦੇ ਅਸਿਸਟੈਂਟ ਜਨਰਲ ਮੈਨੇਜਰ) ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਸ਼ਰਾਬ ਪਾਲਿਸੀ ਮਾਮਲੇ ਵਿੱਚ ਅਮਨ ਢੱਲ ਦੀ ਮਦਦ ਕਰਨਗੇ, ਇਸ ਲਈ ਅਮਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਇਹ ਕਹਿ ਕੇ ਦੀਪਕ ਨੇ ਕੁਝ ਪੈਸੇ ਲੈ ਲਏ ਸਨ। ਦੀਪਕ ਨੇ ਪ੍ਰਵੀਨ ਨੂੰ ਪਵਨ ਖੱਤਰੀ (2022 ਵਿੱਚ ED ਦੇ ਅਸਿਸਟੈਂਟ ਡਾਇਰੈਕਟਰ) ਨਾਲ ਮਿਲਾਇਆ।ਪ੍ਰਵੀਨ ਨੇ ਦੀਪਕ ਦੇ ਭਰੋਸੇ 'ਤੇ ਅਮਨ ਤੋਂ 3 ਕਰੋੜ ਰੁਪਏ ਲਏ ਸਨ। ਇਹ ਰਕਮ ਦਸੰਬਰ 2022 ਤੋਂ ਜਨਵਰੀ 2023 ਦਰਮਿਆਨ 50-50 ਲੱਖ ਦੀਆਂ 6 ਕਿਸ਼ਤਾਂ ਵਿੱਚ ਦਿੱਤੀ ਗਈ ਸੀ। ਅਮਨ ਨੇ ਇਹ ਪੈਸੇ ਆਪਣੇ ਇੱਕ ਬੰਦੇ ਰਾਹੀਂ ਪ੍ਰਵੀਨ ਦੇ ਘਰ ਭੇਜੇ ਸਨ। ਸੀਬੀਆਈ ਦੀ ਜਾਂਚ ਦੌਰਾਨ ਪ੍ਰਵੀਨ ਦੇ ਘਰੋਂ 2.19 ਕਰੋੜ ਦੀ ਨਕਦੀ ਬਰਾਮਦ ਹੋਈ ਸੀ।
ਇਸ ਤੋਂ ਇਲਾਵਾ, ਦੀਪਕ ਸਾਂਗਵਾਨ ਦੇ ਘਰ ਤੋਂ 6 ਜਨਵਰੀ ਨੂੰ 99 ਪੰਨਿਆਂ ਦੀ ਸਪਲੀਮੈਂਟਰੀ ਮੁਕੱਦਮੇ ਦੀ ਸ਼ਿਕਾਇਤ ਮਿਲੀ ਸੀ। ਇਸ ਤੋਂ ਪਤਾ ਲੱਗਾ ਕਿ ਦੀਪਕ ਈਡੀ ਦੇ ਸੀਨੀਅਰ ਅਧਿਕਾਰੀਆਂ ਦੇ ਨਾਂ 'ਤੇ ਪੈਸੇ ਲੈ ਰਿਹਾ ਸੀ। ਬਾਕੀ ਦਸਤਾਵੇਜ਼ ਈਡੀ ਦੇ ਸਹਾਇਕ ਨਿਰਦੇਸ਼ਕ ਪਵਨ ਖੱਤਰੀ ਦੇ ਘਰੋਂ ਮਿਲੇ ਹਨ।
7 ਜੁਲਾਈ ਨੂੰ, ਈਡੀ ਨੇ ਦਿੱਲੀ ਲਿਕਰ ਪਾਲਿਸੀ ਕੇਸ ਵਿੱਚ 52.24 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਸੂਤਰਾਂ ਮੁਤਾਬਕ ਇਸ 'ਚ ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਦੀ ਪਤਨੀ ਸੀਮਾ ਸਿਸੋਦੀਆ ਦੀਆਂ 2 ਜਾਇਦਾਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਸ ਦਾ 11 ਲੱਖ ਰੁਪਏ ਦਾ ਬੈਂਕ ਬੈਲੇਂਸ ਵੀ ਰੋਕ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਅਮਨਦੀਪ ਸਿੰਘ ਢੱਲ, ਰਾਜੇਸ਼ ਜੋਸ਼ੀ, ਗੌਤਮ ਮਲਹੋਤਰਾ ਸਮੇਤ ਸਿਸੋਦੀਆ ਦੇ ਹੋਰ ਕਰੀਬੀਆਂ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਗਈਆਂ ਹਨ। ਈਡੀ ਨੇ ਇਹ ਕਾਰਵਾਈ ਕਾਰੋਬਾਰੀ ਦਿਨੇਸ਼ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਤੋਂ ਇੱਕ ਦਿਨ ਬਾਅਦ ਕੀਤੀ ਹੈ। ਦਿਨੇਸ਼ ਸਿਸੋਦੀਆ ਦਾ ਕਰੀਬੀ ਮੰਨਿਆ ਜਾਂਦਾ ਹੈ।