Delhi Assembly Election 2025: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਇੱਕ ਦਿਨ ਪਹਿਲਾਂ, ਕਾਲਕਾਜੀ ਵਿਧਾਨ ਸਭਾ ਹਲਕੇ ਵਿੱਚ ਦੇਰ ਰਾਤ ਤੱਕ ਹੰਗਾਮਾ ਜਾਰੀ ਰਿਹਾ। ਰਾਜਨੀਤਿਕ ਪਾਰਟੀਆਂ ਨੇ ਇੱਕ ਦੂਜੇ 'ਤੇ ਹਿੰਸਾ ਅਤ ਨਕਦੀ ਵੰਡਣ ਦੇ ਦੋਸ਼ ਲਗਾਏ ਹਨ। ਹਫੜਾ-ਦਫੜੀ ਦੇ ਵਿਚਕਾਰ, ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅੱਧੀ ਰਾਤ ਨੂੰ ਗੋਵਿੰਦਪੁਰੀ ਪੁਲਿਸ ਸਟੇਸ਼ਨ ਪਹੁੰਚੀ।


ਆਤਿਸ਼ੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਉਸਨੇ ਭਾਜਪਾ ਵਰਕਰਾਂ 'ਤੇ ਦਿੱਲੀ ਦੇ ਝੁੱਗੀ-ਝੌਂਪੜੀ ਵਾਲਿਆਂ ਨੂੰ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਦੋ ਮਾਮਲੇ ਦਰਜ ਕੀਤੇ ਹਨ। ਦੋਵੇਂ ਮਾਮਲੇ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਹਨ।



ਦਿੱਲੀ ਪੁਲਿਸ ਵੱਲੋਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ, ਸੀਐਮ ਆਤਿਸ਼ੀ ਨੇ ਇੱਕ ਐਕਸ ਪੋਸਟ ਵਿੱਚ ਕਿਹਾ, "ਚੋਣ ਕਮਿਸ਼ਨ ਵੀ ਅਜੀਬ ਹੈ। ਭਾਜਪਾ ਉਮੀਦਵਾਰ ਰਮੇਸ਼ ਦੇ ਪਰਿਵਾਰਕ ਮੈਂਬਰ ਖੁੱਲ੍ਹੇਆਮ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ, ਪਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਮੈਂ ਸ਼ਿਕਾਇਤ ਕੀਤੀ ਅਤੇ ਪੁਲਿਸ ਅਤੇ ਚੋਣ ਕਮਿਸ਼ਨ ਨੇ ਮੈਨੂੰ ਬੁਲਾ ਲਿਆ । ਉਨ੍ਹਾਂ ਨੇ ਮੇਰੇ ਖਿਲਾਫ ਕੇਸ ਦਰਜ ਕੀਤਾ। ਸੀਈਸੀ ਰਾਜੀਵ ਕੁਮਾਰ, ਤੁਸੀਂ ਚੋਣ ਪ੍ਰਕਿਰਿਆ ਨੂੰ ਕਿੰਨਾ ਕੁ ਵਿਗਾੜੋਗੇ?"






ਕਿਹੜੇ ਮਾਮਲੇ ਕੀਤੇ ਦਰਜ


ਇਨ੍ਹਾਂ ਵਿੱਚੋਂ ਇੱਕ ਮਾਮਲਾ ਸੀਐਮ ਆਤਿਸ਼ੀ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਆਤਿਸ਼ੀ 'ਤੇ ਦੋਸ਼ ਹੈ ਕਿ ਉਹ ਆਪਣੇ 50-60 ਸਮਰਥਕਾਂ ਨਾਲ 10 ਗੱਡੀਆਂ ਵਿੱਚ ਫਤਿਹ ਸਿੰਘ ਮਾਰਗ 'ਤੇ ਪਹੁੰਚੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਚੋਣ ਜ਼ਾਬਤੇ ਦਾ ਹਵਾਲਾ ਦਿੰਦੇ ਹੋਏ ਜਗ੍ਹਾ ਛੱਡਣ ਲਈ ਕਿਹਾ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ।


ਚੋਣ ਕਮਿਸ਼ਨ ਦੀ ਸ਼ਿਕਾਇਤ 'ਤੇ ਆਤਿਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਦੂਜਾ ਮਾਮਲਾ ਆਤਿਸ਼ੀ ਦੇ ਸਮਰਥਕਾਂ ਵਿਰੁੱਧ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਪੁਲਿਸ 'ਤੇ ਹਮਲੇ ਦੇ ਦੋਸ਼ ਵਿੱਚ ਦਰਜ ਕੀਤਾ ਗਿਆ ਹੈ।



ਇਸ ਦੌਰਾਨ, ਰਮੇਸ਼ ਬਿਧੂੜੀ ਦੇ ਭਤੀਜੇ ਮਨੀਸ਼ ਬਿਧੂੜੀ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਇੱਕ ਗੱਡੀ ਵਿੱਚ ਸ਼ੱਕੀ ਚੀਜ਼ਾਂ ਹੋਣ ਦੀ ਚਰਚਾ ਸੀ ਪਰ ਉਸ ਵਿੱਚੋਂ ਕੁਝ ਵੀ ਨਹੀਂ ਮਿਲਿਆ।