CBI FIR On Odisha Train Accident : ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੀ ਜਾਂਚ ਦੀ ਜ਼ਿੰਮੇਵਾਰੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ ਗਈ ਹੈ। ਸੀਬੀਆਈ ਨੇ ਰੇਲ ਹਾਦਸੇ ਦੀ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਲ ਹਾਦਸੇ ਦੀ ਜਾਂਚ ਲਈ ਸੀਬੀਆਈ ਅਧਿਕਾਰੀ ਦੀ ਟੀਮ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈ ਹੈ।

 

ਸੀਬੀਆਈ ਨੇ ਇਸ ਮਾਮਲੇ ਵਿੱਚ ਉੜੀਸਾ ਵਿੱਚ ਬਾਲਾਸੋਰ ਰੇਲ ਹਾਦਸੇ ਵਿੱਚ ਆਈਪੀਸੀ ਦੀ ਰੇਲਵੇ ਐਕਟ ਦੀ ਧਾਰਾ 337, 338, 304 ਏ, 34, 153, 154, 175 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਸੀਬੀਆਈ ਮੰਗਲਵਾਰ (6 ਜੂਨ) ਦੀ ਦੁਪਹਿਰ ਤੱਕ ਇਸ ਸਬੰਧ ਵਿੱਚ ਜਾਂ ਇਸ ਐਫਆਈਆਰ ਵਿੱਚ ਲਗਾਈਆਂ ਗਈਆਂ ਧਾਰਾਵਾਂ ਬਾਰੇ ਅਧਿਕਾਰਤ ਜਾਣਕਾਰੀ ਜਾਰੀ ਕਰ ਸਕਦੀ ਹੈ।



 ਕਦੋਂ ਵਾਪਰੀ ਸੀ ਇਹ ਘਟਨਾ ?



ਓਡੀਸ਼ਾ 'ਚ ਪਿਛਲੇ ਹਫਤੇ ਸ਼ੁੱਕਰਵਾਰ (2 ਜੂਨ) ਨੂੰ ਭਿਆਨਕ ਰੇਲ ਹਾਦਸਾ ਵਾਪਰਿਆ ਸੀ, ਓਡੀਸ਼ਾ ਸਰਕਾਰ ਮੁਤਾਬਕ ਇਸ ਹਾਦਸੇ 'ਚ ਕਰੀਬ 275 ਲੋਕਾਂ ਦੀ ਮੌਤ ਹੋ ਗਈ ਸੀ। ਇੱਥੇ ਸ਼ੁੱਕਰਵਾਰ ਨੂੰ ਕੋਰੋਮੰਡਲ ਐਕਸਪ੍ਰੈਸ ਲੂਪ ਲਾਈਨ ਵਿੱਚ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ ਅਤੇ ਇਸ ਦੇ ਕੁਝ ਡੱਬੇ ਦੂਜੀ ਲਾਈਨ ਤੋਂ ਲੰਘ ਰਹੀ ਸ਼ਾਲੀਮਾਰ ਐਕਸਪ੍ਰੈਸ ਦੇ ਪਿਛਲੇ ਡੱਬਿਆਂ ਨਾਲ ਟਕਰਾ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ ਸੀ।

 

ਕਿੰਨੇ ਲੋਕਾਂ ਦੀ ਹੋਈ ਮੌਤ ਤੇ ਕਿੰਨੇ ਹੋਏ ਜ਼ਖਮੀ ?


ਓਡੀਸ਼ਾ ਸਰਕਾਰ ਨੇ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 275 ਦੱਸੀ ਹੈ ਅਤੇ ਜ਼ਖਮੀਆਂ ਦੀ ਕੁੱਲ ਗਿਣਤੀ 1,175 ਦੱਸੀ ਹੈ। ਸੂਬੇ ਦੇ ਮੁੱਖ ਸਕੱਤਰ ਪੀਕੇ ਜੇਨਾ ਮੁਤਾਬਕ ਕੁਝ ਲਾਸ਼ਾਂ ਦੀ ਗਿਣਤੀ ਦੋ ਵਾਰ ਹੋ ਗਈ ਸੀ। ਉਨ੍ਹਾਂ ਕਿਹਾ, ਬਾਅਦ 'ਚ ਕੀਤੀ ਗਈ ਤਸਦੀਕ ਅਤੇ ਬਾਲਾਸੋਰ ਜ਼ਿਲ੍ਹਾ ਮੈਜਿਸਟਰੇਟ ਦੁਆਰਾ ਦਿੱਤੀ ਗਈ ਰਿਪੋਰਟ ਤੋਂ ਬਾਅਦ ਮ੍ਰਿਤਕਾਂ ਦੀ ਸੰਸ਼ੋਧਿਤ ਸੰਖਿਆ 275 ਕਰ ਦਿੱਤੀ ਗਈ।

 

ਜੇਨਾ ਨੇ ਦੱਸਿਆ ਕਿ ਜ਼ਖਮੀਆਂ ਦਾ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 793 ਯਾਤਰੀਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ 382 ਦਾ ਸਰਕਾਰੀ ਖਰਚੇ 'ਤੇ ਇਲਾਜ ਕੀਤਾ ਜਾ ਰਿਹਾ ਹੈ। ਜੇਨਾ ਨੇ ਦੱਸਿਆ ਕਿ ਹੁਣ ਤੱਕ 88 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਅਤੇ 78 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ, ਜਦਕਿ 187 ਦੀ ਪਛਾਣ ਨਹੀਂ ਹੋ ਸਕੀ ਹੈ।